ਇਜ਼ਰਾਈਲ ਦੇ ਜਾਸੂਸ ਏਲੀ ਕੋਹੇਨ
ਇਸੇ ਸਾਲ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਸ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਭਾਰਤ ਨੇ ਅਜਿਹੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਇਸ ਕਤਲ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ।
ਪਰ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਦੇਸ ''ਤੇ ਕਿਸੇ ਹੋਰ ਦੇਸ ''ਚ ਖੁਫ਼ੀਆ ਕਾਰਵਾਈ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਾ ਹੋਵੇ।
ਅਮਰੀਕਾ, ਰੂਸ, ਇਜ਼ਰਾਈਲ, ਚੀਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ ''ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਇਲਜ਼ਾਮ ਲੱਗ ਚੁੱਕੇ ਹਨ।
ਭਾਰਤ ਅਤੇ ਪਾਕਿਸਤਾਨ ਕਈ ਵਾਰ ਇੱਕ ਦੂਜੇ ''ਤੇ ਖੁਫੀਆ ਮਿਸ਼ਨਾਂ ਤਹਿਤ ਵੱਖ-ਵੱਖ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾ ਚੁੱਕੇ ਹਨ।
ਅਜਿਹੇ ਮਿਸ਼ਨ ਬਾਰੇ ਗੱਲ ਹੋਵੇ ਤੇ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਦਾ ਜ਼ਿਕਰ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ।
ਆਓ ਜਾਣਦੇ ਹਾਂ ਮੋਸਾਦ ਦੇ 5 ਸਭ ਤੋਂ ਖ਼ਤਰਨਾਕ ਤੇ ਚਰਚਿਤ ਆਪ੍ਰੇਸ਼ਨਾਂ ਬਾਰੇ...
1960 ਦਾ ਆਪ੍ਰੇਸ਼ਨ ਫ਼ਿਨਾਲੇ
ਅਡੌਲਫ ਆਇਕਮੈਨ
1957 ਵਿੱਚ, ਪੱਛਮੀ ਦੇ ਹੇਸ ਸੂਬੇ ਦੇ ਮੁੱਖ ਸਰਕਾਰੀ ਵਕੀਲ ਅਤੇ ਯਹੂਦੀ ਮੂਲ ਦੇ ਜਰਮਨ ਨਾਗਰਿਕ ਫ੍ਰਿਟਜ਼ ਬਾਇਰ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਅਡੌਲਫ ਆਇਕਮੈਨ ਜ਼ਿੰਦਾ ਹੈ ਅਤੇ ਅਰਜਨਟੀਨਾ ਵਿੱਚ ਇੱਕ ਗੁਪਤ ਬੇਸ ਵਿੱਚ ਰਹਿ ਰਿਹਾ ਹੈ।
ਲੈਫਟੀਨੈਂਟ ਕਰਨਲ ਅਡੌਲਫ ਆਇਕਮੈਨ ਲੰਬੇ ਸਮੇਂ ਤੱਕ ਅਡੌਲਫ ਹਿਟਲਰ ਦੀ ਬਦਨਾਮ ਸਟੇਟ ਸੀਕ੍ਰੇਟ ਪੁਲਿਸ ''ਗੇਸਟਾਪੋ'' ਵਿੱਚ ''ਯਹੂਦੀ ਵਿਭਾਗ'' ਦੇ ਮੁਖੀ ਰਹੇ ਸਨ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ ਅੱਤਿਆਚਾਰ ਕਰਨ ਵਾਲੇ ‘ਫ਼ਾਈਨਲ ਸਾਲਿਊਸ਼ਨ’ ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਤਹਿਤ ਜਰਮਨੀ ਅਤੇ ਆਸ-ਪਾਸ ਦੇ ਦੇਸ਼ਾਂ ਵਿੱਚ ਰਹਿ ਰਹੇ ਹਜ਼ਾਰਾਂ ਯਹੂਦੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਤਸ਼ੱਦਦ ਕੈਂਪਾਂ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਲੜੀਵਾਰ ਹੱਤਿਆ ਕਰ ਦਿੱਤੀ ਗਈ ਸੀ।
ਇਸ ਨੂੰ ''ਹੌਲੋਕਾਸਟ'' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਨਾਜ਼ੀ ਜਰਮਨ ਸ਼ਾਸਨ ਅਤੇ ਇਸ ਦੇ ਸਹਿਯੋਗੀਆਂ ਦੁਆਰਾ ਪੂਰੇ ਯੂਰਪ ਵਿੱਚ ਲਗਭਗ 4 ਮਿਲੀਅਨ ਯੂਰਪੀਅਨ ਯਹੂਦੀਆਂ ਦਾ ਯੋਜਨਾਬੱਧ, ਸਟੇਟ-ਪ੍ਰਯੋਜਿਤ ਅੱਤਿਆਚਾਰ ਅਤੇ ਕਤਲ ਸੀ।
ਇਸ ਸਭ 1933 ਤੋਂ 1945 ਦੇ ਦਰਮਿਆਨ ਹੋਇਆ ਸੀ।
ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਦੀ ਹਾਰ ਤੋਂ ਬਾਅਦ, ਅਡੋਲਫ ਆਇਕਮੈਨ ਨੂੰ ਤਿੰਨ ਵਾਰ ਫੜ੍ਹ ਲਿਆ ਗਿਆ,ਪਰ ਉਹ ਹਰ ਵਾਰ ਗ੍ਰਿਫਤਾਰੀ ਤੋਂ ਬਚ ਨਿਕਲੇ।
ਫ੍ਰਿਟਜ਼ ਬਾਉਰ ਨੂੰ ਆਇਕਮੈਨ ਦੇ ਅਰਜਨਟੀਨਾ ਵਿੱਚ ਰਹਿਣ ਦੀ ਖਬਰ ਉੱਥੇ ਰਹਿ ਰਹੇ ਇੱਕ ਯਹੂਦੀ ਤੋਂ ਮਿਲੀ, ਜਿਸ ਦੀ ਧੀ ਅਤੇ ਆਇਕਮੈਨ ਦੇ ਪੁੱਤਰ ਵਿੱਚ ਅਫੇਅਰ ਚੱਲ ਰਿਹਾ ਸੀ।
ਹਾਲਾਂਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਨੇ ਸ਼ੁਰੂਆਤ ''ਚ ਇਸ ਜਾਣਕਾਰੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ ਪਰ ਬਾਅਦ ''ਚ ਆਪਣੇ ਤਰੀਕੇ ਨਾਲ ਜਾਂਚ ਕਰਨ ''ਤੇ ਉਨ੍ਹਾਂ ਨੇ ਪਾਇਆ ਕਿ ਇਹ ਸੱਚ ਸੀ।
''ਦਿ ਕੈਪਚਰ ਐਂਡ ਟ੍ਰਾਇਲ ਆਫ ਅਡੌਲਫ ਆਇਕਮੈਨ'' ਨਾਂ ਦੀ ਕਿਤਾਬ ਵਿਚ ਚਾਰਲਸ ਰਿਵਰ ਲਿਖਦੇ ਹਨ, “ਆਇਕਮੈਨ ਭਾਵੇਂ ਲੈਫਟੀਨੈਂਟ ਕਰਨਲ ਦੇ ਰੈਂਕ ਦੇ ਅਧਿਕਾਰੀ ਰਹੇ ਹੋਣ, ਪਰ ਕਿਸੇ ਸਮੇਂ ਨਾਜ਼ੀ ਜਰਮਨੀ ਵਿੱਚ ਉਨ੍ਹਾਂ ਦਾ ਰੁਤਬਾ ਕਿਸੇ ਜਨਰਲ ਤੋਂ ਘੱਟ ਨਹੀਂ ਸੀ। ਇਸ ਦੌਰਾਨ, ਉਹ ਸਿੱਧੇ ਹਿਟਲਰ ਦੀ ਕੋਰ ਟੀਮ ਨੂੰ ਰਿਪੋਰਟ ਕਰਦੇ ਸਨ।''''
ਆਇਕਮੈਨ ਦੇ ਅਰਜਨਟੀਨਾ ਵਿੱਚ ਲੁਕੇ ਹੋਣ ਦੀ ਖ਼ਬਰ ਦੀ ਪੁਸ਼ਟੀ ਹੋਣ ਤੋਂ ਬਾਅਦ, ਇਜ਼ਰਾਈਲ ਦੇ ਮੋਸਾਦ ਦੇ ਮੁਖੀ ਨੇ ਰਫ਼ੀ ਏਤਾਨ ਨੂੰ ਉਸ ਮਿਸ਼ਨ ਦਾ ਕਮਾਂਡਰ ਨਿਯੁਕਤ ਕੀਤਾ, ਜਿਸ ਦੇ ਤਹਿਤ ਏਜੰਟਸ ਉਨ੍ਹਾਂ ਨੂੰ ਜ਼ਿੰਦਾ ਫੜ੍ਹ ਕੇ ਇਜ਼ਰਾਈਲ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।
ਮੋਸਾਦ ਦੀ ਟੀਮ ਨੇ ਬਿਊਨਸ ਆਇਰਸ ਵਿੱਚ ਇੱਕ ਘਰ ਕਿਰਾਏ ''ਤੇ ਲਿਆ, ਜਿਸ ਨੂੰ ਕੋਡਨੇਮ ''ਕਾਸੇਲ'' ਦਿੱਤਾ ਗਿਆ। ਇਸ ਦੌਰਾਨ ਪਤਾ ਲੱਗਾ ਕਿ ਅਰਜਨਟੀਨਾ 20 ਮਈ ਨੂੰ ਆਪਣੀ ਆਜ਼ਾਦੀ ਦੀ 150ਵੀਂ ਵਰ੍ਹੇਗੰਢ ਮਨਾਏਗਾ।
ਇਹ ਫੈਸਲਾ ਕੀਤਾ ਗਿਆ ਕਿ ਇਜ਼ਰਾਈਲ ਵੀ ਸਿੱਖਿਆ ਮੰਤਰੀ ਅੱਬਾ ਇਬਨ ਦੀ ਅਗਵਾਈ ਵਿੱਚ ਆਪਣਾ ਇੱਕ ਵਫ਼ਦ ਅਰਜਨਟੀਨਾ ਭੇਜੇਗਾ।
ਇਸ ਨੂੰ ਲੈ ਕੇ ਜਾਣ ਲਈ ਇਜ਼ਰਾਈਲੀ ਏਅਰਲਾਈਨਜ਼ ਐਲਾਈ ਨੇ ਇਕ ਵਿਸ਼ੇਸ਼ ਜਹਾਜ਼ ''ਵਿਸਪਰਿੰਗ ਜਾਇੰਟ'' ਮੁਹੱਈਆ ਕਰਵਾਇਆ।
ਯੋਜਨਾ ਇਹੀ ਸੀ ਕਿ ਇਜ਼ਰਾਈਲ ਦੇ ਸਿੱਖਿਆ ਮੰਤਰੀ ਨੂੰ ਦੱਸੇ ਬਿਨਾਂ ਆਇਕਮੈਨ ਨੂੰ ਅਗਵਾ ਕਰਕੇ ਇਸ ਜਹਾਜ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਆਇਕਮੈਨ ਹਰ ਰੋਜ਼ ਸ਼ਾਮ 7.40 ਵਜੇ ਬੱਸ ਨੰਬਰ 203 ਰਾਹੀਂ ਘਰ ਪਰਤਦੇ ਸਨ ਅਤੇ ਆਪਣੇ ਘਰ ਪਹੁੰਚਣ ਲਈ ਥੋੜੀ ਦੂਰ ਤੱਕ ਪੈਦਲ ਤੁਰਦੇ ਸਨ। ਯੋਜਨਾ ਬਣਾਈ ਗਈ ਕਿ ਇਸ ਆਪ੍ਰੇਸ਼ਨ ਵਿੱਚ ਦੋ ਕਾਰਾਂ ਹਿੱਸਾ ਲੈਣਗੀਆਂ ਅਤੇ ਇੱਕ ਕਾਰ ਵਿੱਚ ਉਨ੍ਹਾਂ ਨੂੰ ਅਗਵਾ ਕੀਤਾ ਜਾਵੇਗਾ।
ਬੱਸ ਤੋਂ ਉਤਰਦੇ ਹੀ ਆਇਕਮੈਨ ਨੂੰ ਫੜ੍ਹ ਲਿਆ ਗਿਆ।
20 ਮਈ ਦੀ ਰਾਤ ਨੂੰ, ਆਇਕਮੈਨ ਨੂੰ ਇਜ਼ਰਾਈਲੀ ਏਅਰਲਾਈਨਜ਼ ਦੇ ਕਰਮਚਾਰੀ ਵਾਲੇ ਕੱਪੜੇ ਪਹਿਨਾਏ ਗਏ। ਉਨ੍ਹਾਂ ਦੀ ਜੇਬ੍ਹ ''ਚ ਜ਼ੀਵ ਜ਼ਿਕਰੌਨੀ ਦੇ ਨਾਂ ਵਾਲਾ ਇੱਕ ਝੂਠਾ ਪਛਾਣ ਪੱਤਰ ਰੱਖਿਆ ਗਿਆ ਅਤੇ ਅਗਲੇ ਦਿਨ ਉਨ੍ਹਾਂ ਦਾ ਜਹਾਜ਼ ਤਲ ਅਵੀਵ ਵਿੱਚ ਉਤਰਿਆ।
ਉਨ੍ਹਾਂ ਦੇ ਇਜ਼ਰਾਈਲ ਪਹੁੰਚਣ ਤੋਂ ਦੋ ਦਿਨ ਬਾਅਦ ਇਹ ਖ਼ਬਰ ਦੁਨੀਆਂ ਦੇ ਸਾਹਮਣੇ ਰੱਖੀ ਗਈ।
ਮਹੀਨਿਆਂ ਤੱਕ ਚੱਲੇ ਮੁਕੱਦਮੇ ''ਚ 15 ਮਾਮਲਿਆਂ ''ਚ ਦੋਸ਼ੀ ਪਾਏ ਜਾਣ ਤੋਂ ਬਾਅਦ ਆਇਕਮੈਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਆਪ੍ਰੇਸ਼ਨ ਰੌਥ ਆਫ਼ ਗੌਡ
ਫਲਿਸਤੀਨੀ ਹਮਲੇ ''ਚ ਮਾਰੇ ਗਏ ਇਜ਼ਰਾਇਲੀ ਖਿਡਾਰੀ ਦੀ ਮ੍ਰਿਤਕ ਦੇਹ
ਗੱਲ 1972 ਦੀ ਹੈ, ਜਰਮਨੀ ਵਿੱਚ ਮਿਊਨਿਖ ਓਲੰਪਿਕ ਖੇਡਾਂ ਚੱਲ ਰਹੀਆਂ ਸਨ।
5 ਸਤੰਬਰ ਦੀ ਰਾਤ ਨੂੰ, ਇਜ਼ਰਾਈਲੀ ਅਥਲੀਟ ਮਿਊਨਿਖ ਓਲੰਪਿਕ ਵਿਲੇਜ ਵਿੱਚ ਆਪਣੇ ਫਲੈਟਾਂ ਵਿੱਚ ਸੌਂ ਰਹੇ ਸਨ, ਜਦੋਂ ਅਚਾਨਕ ਪੂਰਾ ਅਪਾਰਟਮੈਂਟ ਮਸ਼ੀਨ ਗੰਨਾਂ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ।
ਫਲਸਤੀਨੀ ''ਬਲੈਕ ਸੇਪਟੇਂਬਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ'' ਦੇ ਅੱਠ ਲੜਾਕੇ, ਖਿਡਾਰੀਆਂ ਦੀ ਪੁਸ਼ਾਕ ਪਹਿਨ ਕੇ ਅਪਾਰਟਮੈਂਟ ਵਿਚ ਦਾਖਲ ਹੋਏ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 11 ਇਜ਼ਰਾਈਲੀ ਖਿਡਾਰੀਆਂ ਅਤੇ ਇੱਕ ਜਰਮਨ ਪੁਲਿਸ ਵਾਲੇ ਦੀ ਮੌਤ ਹੋ ਗਈ ਸੀ।
ਘਟਨਾ ਤੋਂ ਦੋ ਦਿਨ ਬਾਅਦ ਹੀ ਇਜ਼ਰਾਈਲ ਨੇ ਸੀਰੀਆ ਅਤੇ ਲੇਬਨਾਨ ਵਿੱਚ ਪੀਐਲਓ ਦੇ 10 ਟਿਕਾਣਿਆਂ ਨੂੰ ਬੰਬਾਰੀ ਕਰਕੇ ਤਬਾਹ ਕਰ ਦਿੱਤਾ।
ਕਈ ਸਾਲਾਂ ਬਾਅਦ ਜਾਰੀ ਕੀਤੀ ਗਈ ਇੱਕ ਇਜ਼ਰਾਈਲੀ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਜ਼ਰਾਈਲ ਨੇ ਉਸ ਸਮੇਂ ਕੀ ਕਰਨ ਦੀ ਯੋਜਨਾ ਬਣਾਈ ਸੀ।
ਰਿਪੋਰਟ ਅਨੁਸਾਰ, “ਪ੍ਰਧਾਨ ਮੰਤਰੀ ਗੋਲਦਾ ਮੇਅਰ ਨੇ ਸਿਖਰਲੇ ਸਰਕਾਰੀ ਅਧਿਕਾਰੀਆਂ ਵਾਲੀ ‘ਕਮੇਟੀ ਐਕਸ’ ਬਣਾਈ ਸੀ, ਇਸ ਦਾ ਉਦੇਸ਼ ਉਨ੍ਹਾਂ ਹੱਤਿਆਵਾਂ ਦਾ ਬਦਲਾ ਲੈਣਾ ਸੀ। ਮੋਸਾਦ ਦੇ ਤਤਕਾਲੀ ਮੁਖੀ ਜ਼ਵੀ ਜ਼ਮੀਰ ਨੇ ਇਸ ਜਵਾਬੀ ਕਾਰਵਾਈ ਦੀ ਕਮਾਨ ਸੰਭਾਲੀ ਸੀ।''''
ਸਾਈਮਨ ਰੀਵ ਦੀ ਕਿਤਾਬ ‘ਵਨ ਡੇਅ ਇਨ ਸੇਪਟੇਂਬਰ’ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇਜ਼ਰਾਈਲ ਨੇ ਇਸ ਆਪ੍ਰੇਸ਼ਨ ਦੀ ਤਿਆਰੀ ਵਿੱਚ ਲੰਬਾ ਸਮਾਂ ਲਾਇਆ, ਤਾਂ ਜੋ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਲੁਕੇ ਮਿਊਨਿਖ ਦੇ ਹਮਲਾਵਰਾਂ ਦਾ ਪਤਾ ਲਾਇਆ ਜਾ ਸਕੇ।
ਸਾਈਮਨ ਰੀਵ ਲਿਖਦੇ ਹਨ, "16 ਅਕਤੂਬਰ, 1972 ਨੂੰ ਏਜੰਟਾਂ ਨੇ ਪੀਐਲਓ ਇਟਲੀ ਦੇ ਨੁਮਾਇੰਦੇ ਅਬਦਲ-ਵੈਲ ਜ਼ਾਵੈਤਰ ਨੂੰ ਰੋਮ ਵਿੱਚ ਉਨ੍ਹਾਂ ਦੇ ਘਰ ਵਿੱਚ ਵੜ ਕੇ ਗੋਲੀਆਂ ਮਾਰੀਆਂ, ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਕਥਿਤ ਇਜ਼ਰਾਈਲੀ ਬਦਲੇ ਦੀ ਸ਼ੁਰੂਆਤ ਸੀ।"
ਇਸ ਤੋਂ ਬਾਅਦ, 9 ਅਪ੍ਰੈਲ, 1973 ਨੂੰ ਮੋਸਾਦ ਨੇ ਬੇਰੂਤ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਵਿੱਚ ਇਜ਼ਰਾਈਲੀ ਕਮਾਂਡੋ ਮਿਜ਼ਾਈਲ ਕਿਸ਼ਤੀਆਂ ਅਤੇ ਗਸ਼ਤੀ ਕਿਸ਼ਤੀਆਂ ਵਿੱਚ ਲੇਬਨਾਨ ਦੇ ਇੱਕ ਖਾਲੀ ਤੱਟ ''ਤੇ ਰਾਤ ਨੂੰ ਪਹੁੰਚੇ।
ਅਗਲੇ ਦਿਨ ਦੁਪਹਿਰ ਤੱਕ, ''ਬਲੈਕ ਸੇਪਟੇਂਬਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ'' ਚਲਾਉਣ ਵਾਲੀ ''ਫਤਿਹ'' ਦੀ ਖੁਫੀਆ ਸ਼ਾਖਾ ਦੇ ਮੁਖੀ ਮੁਹੰਮਦ ਯੂਸਫ ਜਾਂ ਅਬੂ-ਯੂਸਫ, ਕਮਲ ਅਦਵਾਨ ਅਤੇ ਪੀਐਲਓ ਦੇ ਬੁਲਾਰੇ ਕਮਲ ਨਸੀਰ ਦੀ ਮੌਤ ਹੋ ਗਈ ਸੀ।
ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਇਜ਼ਰਾਈਲ ਨੇ ਅਗਲੇ ਪੰਜ ਸਾਲਾਂ ਤੱਕ ਇਹ ਕਾਰਵਾਈ ਜਾਰੀ ਰੱਖੀ।
ਸੀਰੀਆ ਵਿੱਚ ਮੋਸਾਦ 1962-65
1960 ਦੇ ਦਹਾਕੇ ਵਿੱਚ ਸੀਰੀਆ ਅਤੇ ਇਜ਼ਰਾਇਲ ਦੇ ਸਬੰਧ ਬਹੁਤ ਖ਼ਰਾਬ ਸਨ। ਗੋਲਨ ਹਾਈਟਸ ਉੱਤੇ ਇਜ਼ਰਾਇਲ ਦੀ ਉੱਤਰੀ ਸਰਹੱਦ ਉੱਤੇ ਰਹਿਣ ਵਾਲੇ ਭਾਈਚਾਰਿਆਂ ਨੂੰ ਵਾਰ-ਵਾਰ ਸੀਰੀਆਈ ਫੌਜ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਨਾਲ ਇਜ਼ਰਾਇਲ ਵਿੱਚ ਬੇਚੈਨੀ ਵੱਧ ਰਹੀ ਸੀ।
ਇਜ਼ਰਾਇਲ ਨੂੰ ਸੀਰੀਆ ਵਿੱਚ ਉਨ੍ਹਾਂ ਦੇ ਖ਼ਿਲਾਫ਼ ਬਣਨ ਵਾਲੇ ਖੂਫੀਆ ਰਾਜਨੀਤਿਕ ਅਤੇ ਫੌਜੀ ਮਨਸੂਬਿਆਂ ਦਾ ਅੰਦਾਜ਼ਾ ਲਾਉਣ ਅਤੇ ਸਹੀ ਖ਼ਬਰਾਂ ਕੱਢਣ ਦੇ ਲਈ ਸੀਰੀਆ ਵਿੱਚ ਇੱਕ ਏਜੰਟ ਦੀ ਲੋੜ ਸੀ।ਇਹ ਕੰਮ ਕਰਨ ਲਈ ਉਨ੍ਹਾਂ ਨੇ ਏਲੀ ਕੋਹੇਨ ਦੀ ਚੋਣ ਕੀਤੀ ।
ਏਲੀ ਕੋਹੇਨ ਦਾ ਜਨਮ ਮਿਸਰ ਵਿੱਚ ਹੋਇਆ ਸੀ ਅਤੇ ਉਹ ਸੀਰੀਆਈ ਮੂਲ ਦੇ ਯਹੂਦੀਆਂ ਦੇ ਪੁੱਤਰ ਸਨ। ਉਨ੍ਹਾਂ ਨੇ ਪਹਿਲਾਂ ਵੀ ਇਜ਼ਰਾਇਲੀ ਖੂਫੀਆ ਏਜੰਸੀ ਵਿੱਚ ਨੌਕਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਦੋਵੇਂ ਵਾਰੀ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ ਸੀ।
1960 ਵਿੱਚ ਮੋਸਾਦ ਨੇ ਏਲੀ ਕੋਹੇਨ ਨੂੰ ਇੱਕ ਜਾਸੂਸ ਦੇ ਰੂਪ ਵਿੱਚ ਭਰਤੀ ਕਰਨ ਦਾ ਫ਼ੈਸਲਾ ਲਿਆ ਅਤੇ ਉਨ੍ਹਾਂ ਨੇ ਸੀਰੀਆ ਵਿੱਚ ਜਾ ਕੇ ਜਾਸੂਸੀ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਇਸ ਮਗਰੋਂ ਏਲੀ ਕੋਹੇਨ ਨੂੰ ਇੱਕ ਸੀਰੀਆਈ ਮਾਪਿਆਂ ਦੇ ਘਰ ਜੰਮੇ ਇੱਕ ਸਫ਼ਲ ਵਪਾਰੀ ਦੇ ਰੂਪ ਵਿੱਚ ਆਪਣੀ ਪਛਾਣ ਬਣਾਉਣ ਲਈ ਅਰਜਨਟੀਨਾ ਵਿੱਚ ਭੇਜਿਆ ਗਿਆ।
ਉੱਥੇ ਉਹ ਸੀਰੀਆਈ ਪ੍ਰਵਾਸੀਆਂ ਦੀਆਂ ਕਈ ਸੰਸਥਾਵਾਂ ਅਤੇ ਧੜ੍ਹਿਆਂ ਵਿੱਚ ਸ਼ਾਮਲ ਹੋ ਗਏ।
ਰਾਜਨੀਤਿਕ ਆਗੂਆਂ ਅਤੇ ਵੱਡੇ ਫੌਜੀ ਅਫ਼ਸਰਾਂ ਨਾਲ ਦੋਸਤੀ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਵੀ ਆਪਣਾ ਦੋਸਤ ਬਣਾ ਲਿਆ, ਜੋ ਬਾਅਦ ਵਿੱਚ ਸੀਰੀਆ ਦੇ ਰਾਸ਼ਟਰਪਤੀ ਬਣੇ।
1962 ਵਿੱਚ ਸੀਰੀਆ ਵਿੱਚ ਬਾਥ ਪਾਰਟੀ ਨੇ ਸਰਕਾਰ ਬਣਾਈ ਅਤੇ ਕੋਹੇਨ ਇਸੇ ਮੌਕੇ ਦੀ ਤਲਾਸ਼ ਵਿੱਚ ਸਨ।
ਅਰਜਨਟੀਨਾ ਵਿੱਚ ਆਪਣੀ ਜਾਣ-ਪਛਾਣ ਦੀ ਚੰਗੀ ਵਰਤੋਂ ਕਰਦੇ ਹੋਏ ਉਹ ਸੀਰੀਆ ਵਿੱਚ ਰਹਿੰਦੇ ਹੋਏ ਕਈ ਵੱਡੇ ਅਫ਼ਸਰਾਂ ਦੇ ਵਿਸ਼ਵਾਸਪਾਤਰ ਬਣ ਗਏ।
“ਦ ਮੋਸਾਦ: ਸਿਕਸ ਲੈਂਡਮਾਰਕ ਮਿਸ਼ਨਜ਼” ਨਾਂ ਦੀ ਕਿਤਾਬ ਵਿੱਚ ਲੇਖਕ ਮਾਰਕ ਇ ਵਾਰਗੋ ਲਿਖਦੇ ਹਨ, “ਇਸ ਸਮੇਂ ਤਾਂ ਕੋਹੇਨ ਨੂੰ ਮੀਤ ਰੱਖਿਆ ਮੰਤਰੀ ਦਾ ਉਮੀਦਵਾਰ ਵੀ ਮੰਨਿਆ ਜਾਂਦਾ ਸੀ ਅਤੇ ਉਹ ਦਮਿਸ਼ਕ ਵਿੱਚ ਕਿਸੇ ਵੀ ਤਰ੍ਹਾਂ ਦਾ ਵਪਾਰਕ ਸੌਦਾ ਜਾਂ ਕਰਾਰ ਕਰਵਾ ਸਕਦੇ ਸੀ।”
“ਇਹੀ ਉਹ ਦੌਰ ਸੀ ਜਦੋਂ ਉਨ੍ਹਾਂ ਨੇ ਸੀਰੀਆਈ ਅਫ਼ਸਰਾਂ ਨੂੰ ਮਹਿੰਗੀਆਂ ਚੀਜ਼ਾਂ ਅਤੇ ਮਹਿੰਗੀ ਸ਼ਰਾਬ ਤੋਹਫ਼ੇ ਵਜੋਂ ਦਿੰਦਿਆਂ ਉਨ੍ਹਾਂ ਕੋਲੋਂ ਕਾਫੀ ਖੂਫੀਆ ਜਾਣਕਾਰੀ ਇਕੱਠੀ ਕੀਤੀ ਅਤੇ ਮੋਸਾਦ ਤੱਕ ਪਹੁੰਚਾਈ।”
ਇਜ਼ਰਾਈਲ ਦੇ ਜਾਸੂਸ ਏਲੀ ਕੋਹੇਨ
ਏਲੀ ਕੋਹੇਨ ਨੇ 1964 ਵਿੱਚ ਇਜ਼ਰਾਇਲੀ ਸਰਕਾਰ ਨੂੰ ਖ਼ਬਰ ਦਿੱਤੀ ਕਿ ਸੀਰੀਆ ਜਾਰਡਨ ਨਦੀ ਦੇ ਕੋਲ ਇੱਕ ਵੱਡੀ ਨਹਿਰ ਬਣਾਕੇ ਇਜ਼ਰਾਇਲ ਵਿੱਚ ਪਾਣੀ ਦੀ ਸਪਲਾਈ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਮੋਸਾਦ ਨੇ ਇਹ ਜਾਣਕਾਰੀ ਸਰਕਾਰ ਤੱਕ ਪਹੁੰਚਾਈ ਅਤੇ ਤੁਰੰਤ ਹੀ ਇਜ਼ਰਾਇਲੀ ਜਹਾਜ਼ਾਂ ਨੇ ਪਾਣੀ ਮੋੜਨ ਵਾਲੇ ਤਕਨੀਕੀ ਯੰਤਰਾਂ ਅਤੇ ਕੈਂਪਾਂ ਉੱਤੇ ਤਕੜੀ ਬੰਬਾਰੀ ਕਰਕੇ ਯੋਜਨਾ ਨੂੰ ਅਸਫ਼ਲ ਕਰ ਦਿੱਤਾ।
ਏਲੀ ਕੋਹੇਨ ਨੇ ਸੀਰੀਆਈ ਸਰਕਾਰ ਵਿੱਚ ਅਜਿਹਾ ਰੁਤਬਾ ਹਾਸਲ ਕਰ ਲਿਆ ਕਿ ਉਹ ਇੱਕ ਵਾਰੀ ਵੱਡੇ ਫੌਜੀ ਅਫ਼ਸਰਾਂ ਦੇ ਨਾਲ ਬਹਿ ਕੇ ਸੀਰੀਆ ਇਜ਼ਰਾਇਲੀ ਸਰਹੱਦ ਦਾ ਨਿਰੀਖਣ ਕਰਨ ਲਈ ਵੀ ਗਏ।
ਸਰਹੱਦ ਦੀ ਸੁਰੱਖਿਆ, ਫੌਜੀਆਂ ਦੀ ਗਿਣਤੀ ਅਤੇ ਤਾਕਤ ਬਾਰੇ ਪੂਰੀ ਜਾਣਕਾਰੀ ਫਿਰ ਮੌਸਾਦ ਦੇ ਹੱਥੀਂ ਖੁਫੀਆ ਤਰੀਕੇ ਨਾਲ ਇਜ਼ਰਾਇਲ ਪਹੁੰਚਾਈ ਗਈ।
ਖੂਫੀਆ ਜਾਣਕਾਰੀ ਬਾਹਰ ਆਉਣ ਤੋਂ ਬਾਅਦ ਭੰਬਲਭੂਸੇ ‘ਚ ਪਏ ਸੀਰੀਆ ਦੇ ਖੂਫੀਆ ਮਹਿਕਮੇ ਨੇ ਸੋਵੀਅਤ ਸੰਘ ਦੇ ਅਫ਼ਸਰਾਂ ਦੀ ਮਦਦ ਲਈ।
1965 ਵਿੱਚ ਏਲੀ ਕੋਹੇਨ ਨੂੰ ਸੀਰੀਆਈ ਅਤੇ ਸੋਵੀਅਤ ਅਧਿਕਾਰੀਆਂ ਨੇ ਫੜ ਲਿਆ ਸੀ, ਜਦੋਂ ਉਹ ਇੱਕ ਖੁਫੀਆ ਸੁਨੇਹਾ ਇਜ਼ਰਾਇਲ ਭੇਜ ਰਹੇ ਸੀ। ਉਨ੍ਹਾਂ ਨੂੰ ਅਤਿ-ਸੰਵੇਦਨਸ਼ੀਲ ਪਛਾਣ ਯੰਤਰਾਂ ਦੀ ਵਰਤੋਂ ਕਰਕੇ ਫੜਿਆ ਗਿਆ ਸੀ।
ਕੋਹੇਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਰਾਜਧਾਨੀ ਦਮਿਸ਼ਕ ਦੇ ਵਿਚਕਾਰ ਉਨ੍ਹਾਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਗਿਆ।
ਇਜ਼ਰਾਇਲ ਵਿੱਚ ਅੱਜ ਵੀ ਕੋਹੇਨ ਨੂੰ ਬਤੌਰ ਇੱਕ ਦੇਸ਼ ਭਗਤ ਹੀਰੋ ਵਜੋਂ ਯਾਦ ਕੀਤਾ ਜਾਂਦਾ ਹੈ।
ਮਿਸ਼ਨ ਈਰਾਨ
ਇਰਾਨ ਦਾ ਇੱਕ ਪਰਮਾਣੂ ਬਿਜਲੀ ਘਰ
ਇਜ਼ਰਾਇਲ ਅਤੇ ਈਰਾਨ ਦੇ ਸਬੰਧ ਹਮੇਸ਼ਾਂ ਤੋਂ ਤਣਾਅ ਭਰੇ ਰਹੇ ਹਨ। ਖ਼ਾਸ ਤੌਰ ਉੱਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈਕੇ।
ਪਰ ਸਾਲ 2012 ਵਿੱਚ ਪ੍ਰਕਾਸ਼ਤ ਹੋਈ ਕਿਤਾਬ ‘ਮੋਸਾਦ: ਦ ਗ੍ਰੇਟੈਸਟ ਮਿਸ਼ਨਜ਼ ਆਫ ਦ ਇਜ਼ਰਾਇਲ਼ੀ ਸੀਕ੍ਰਟ ਸਰਵਿਸ’ ਵਿੱਚ ਨਾ ਸਿਰਫ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਉੱਤੇ ਇਜ਼ਰਾਇਲੀ ‘ਰੋਕ’ ਦੀ ਖੂਫੀਆ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਇਹ ਵੀ ਦਰਸਾਇਆ ਗਿਆ ਹੈ ਕਿ ਕਿਵੇਂ ਇਸ ਏਜੰਸੀ ਨੇ ਜੇਮਜ਼ ਬਾਂਡ ਫਿਲਮਾਂ ਦੇ ਵਾਂਗ ਅਸਲ ਜ਼ਿੰਦਗੀ ਵਿੱਚ ਖ਼ਤਰਨਾਕ ਮਿਸ਼ਨਾਂ ਨੂੰ ਅੰਜਾਮ ਦਿੱਤਾ।
ਇਸ ਕਿਤਾਬ ਦੇ ਲੇਖਕ ਮਾਇਕਲ ਬਰ-ਜ਼ੋਹਰ ਅਤੇ ਨਿਸਿਸਮ ਮਿਸ਼ਲ ਦੇ ਮੁਤਾਬਕ, “ਈਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਦੇ ਲਈ ਇਜ਼ਰਾਇਲ ਨੇ ਉਨ੍ਹਾਂ ਦੇ ਸੈਂਟ੍ਰੀਫਿਊਜ ਵਿੱਚ ਤੋੜਭੰਨ ਦੀ ਕੋਸ਼ਿਸ਼ ਕੀਤੀ।”
“ਇਸ ਦੇ ਲਈ ਮੋਸਾਦ ਨੇ ਪੂਰਬੀ ਯੂਰਪੀਆ ਫਰੰਟ ਕੰਪਨੀਆਂ ਦੀ ਸਥਾਪਨਾ ਕੀਤੀ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਈਰਾਨ ਨੂੰ ਖ਼ਰਾਬ ਇੰਸੂਲੇਸ਼ਨ ਵੇਚ ਦਿੱਤੇ। ਉਨ੍ਹਾਂ ਨੂੰ ਇਕੱਠਿਆਂ ਵਰਤਣ ਕਰਕੇ ਈਰਾਨ ਦੇ ਨਵੇਂ ਸੈਂਟ੍ਰੀਫਊਜ ਬੇਕਾਰ ਹੋ ਗਏ।”
“ਮੋਸਾਦ: ਦ ਗ੍ਰੇਟੈਸਟ ਮਿਸ਼ਨ ਆਫ ਦ ਇਜ਼ਰਾਇਲੀ ਸੀਕ੍ਰਟ ਸਰਵਿਸ” ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਜਨਵਰੀ 2010 ਵਿੱਚ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਇੱਕ ਸਲਾਹਕਾਰ ਨੂੰ “ਉਨ੍ਹਾਂ ਦੀ ਕਾਰ ਦੇ ਕੋਲ ਖੜ੍ਹੇ ਮੋਟਰਸਾਈਕਲ ਵਿੱਚ ਇੱਕ ਬੰਬ ਲੁਕਾ ਕੇ ਰੱਖਿਆ ਗਿਆ ਸੀ, ਜਿਸ ਵਿੱਚ ਧਮਾਕਾ ਹੋਣ ਕਾਰਨ ਉਹ ਮਾਰੇ ਗਏ।”
ਨਿਊਯਾਰਕ ਟਾਈਮਜ਼ ਅਖ਼ਬਾਰ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ, “2011 ਵਿੱਚ ਈਰਾਨੀ ਪ੍ਰਮਾਣੂ ਪ੍ਰੋਜੈਕਟ ਦੇ ਮੁਖੀ ਆਪਣੀ ਗੱਡੀ ਵਿੱਚ ਕਿਤੇ ਜਾ ਰਹੇ ਸਨ ਅਤੇ ਉਦੋਂ ਹੀ ਉਨ੍ਹਾਂ ਦੇ ਨਾਲ-ਨਾਲ ਚੱਲ ਰਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਕਾਰ ਦੇ ਪਿਛਲੇ ਸ਼ੀਸੇ ਉੱਤੇ ਇੱਕ ਛੋਟਾ ਜਿਹਾ ਯੰਤਰ ਚਿਪਕਾ ਦਿੱਤਾ।”
“ਕੁਝ ਕੁ ਪਲਾਂ ਬਾਅਦ ਹੀ ਉਸ ਯੰਤਰ ਨਾਲ ਧਮਾਕਾ ਹੋਇਆ, ਜਿਸ ਕਾਰਨ 45 ਸਾਲਾ ਵਿਗਿਆਨਕ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਬੁਰੀ ਤਰ੍ਹਾਂ ਜਖਮੀ ਹੋ ਗਈ।”
ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਜਦੋਂ 2021 ਵਿੱਚ ਇੱਕ ਈਰਾਨੀ ਪ੍ਰਮਾਣੂ ਟਿਕਾਣੇ ਵਿੱਚ ਯੂਰੇਨੀਅਮ ਸ਼ੱਧੀਕਰਨ(ਇਨਰਿਚਮੈਂਟ) ਪ੍ਰੋਗਰਾਮ ਨੂੰ ਇੱਕ ਵੱਡਾ ਝਟਕਾ ਲੱਗਾ। ਜਦੋਂ ਇੱਕ ਵੱਡੇ ਬੰਬ ਧਮਾਕੇ ਦੇ ਕਾਰਨ ਉੱਥੇ ਬਿਜਲੀ ਚਲੀ ਗਈ ਸੀ। ਇਸ ਕਾਰਨ ਯੂਰੇਨੀਅਮ ਨੂੰ ਸ਼ੱਧ ਕਰਨ ਵਾਲਾ ਸੈਂਟ੍ਰੀਫਿਊਜ ਠੱਪ ਹੋ ਗਿਆ ਸੀ।
ਜਾਣਕਾਰਾਂ ਦੀ ਇਹ ਰਾਏ ਹੈ ਕਿ “ਬਿਜਲੀ ਜਾਣ ਪਿੱਛੇ ਮੋਸਾਦ ਦਾ ਹੀ ਹੱਥ ਸੀ ਭਾਵੇਂ ਕਿ ਇਸ ਸੰਗਠਨ ਨੇ ਅਧਿਕਾਰਤ ਤੌਰ ਉੱਤੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ।”
ਹਮਾਸ ਤੋਂ ਬਦਲਾ
ਸੰਕੇਤਕ ਤਸਵੀਰ
ਤਕਰੀਬਨ ਪੂਰਾ ਸਾਲ ਚੱਲੀ ਆਪਣੀ ਪੜਤਾਲ ਤੋਂ ਬਾਅਦ ਫ਼ਲਸਤੀਨੀ ਸੰਗਠਨ ‘ਹਮਾਸ’ ਨੇ ਇਜ਼ਰਾਇਲ ਦੀ ਮੋਸਾਦ ਏਜੰਸੀ ਉੱਤੇ ਟੂਨੀਸ਼ਿਆ ਵਿੱਚ ਰਹਿ ਰਹੇ ਆਪਣੇ ਇੱਕ ਕਮਾਂਡਰ ਮੁਹੰਮਦ ਅੱਲ ਜ਼ਵਾਰੀ ਦੇ ਕਤਲ ਦਾ ਇਲਜ਼ਾਮ ਲਾਇਆ ਸੀ।
ਦਰਅਸਲ, 15 ਦਸੰਬਰ 2016 ਦੇ ਦਿਨ ਮੁਹੰਮਦ ਅਲ ਜ਼ਵਾਰੀ ਨੂੰ ਟੂਨੀਸ਼ੀਆ ਦੇ ਸਫ਼ੈਕਸ ਵਿੱਚ ਉਨ੍ਹਾਂ ਦੇ ਘਰ ਦੇ ਕੋਲ ਇੱਕ ਚੱਲਦੀ ਕਾਰ ਵਿੱਚੋਂ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ ਸੀ।
ਜ਼ਵਾਰੀ ਇੱਕ ਪੇਸ਼ੇਵਰ ਐਰੋਨੌਟਿਕਲ ਇੰਜੀਨਿਅਰ ਸਨ, ਜਿਨ੍ਹਾਂ ਨੇ ਹਮਾਸ ਦੇ ਲਈ ਅਤੇ ਕਥਿਤ ਤੌਰ ‘ਤੇ ਹਿਜ਼ਬੁੱਲ੍ਹਾ ਦੇ ਲਈ ਕਈ ਡਰੋਨ ਡਿਜ਼ਾਈਨ ਕਰਨ ਅਤੇ ਬਣਾਉਣ ਦਾ ਕੰਮ ਕੀਤਾ ਸੀ।
ਕੁਝ ਕੁ ਰਿਪੋਰਟਾਂ ਦੇ ਮੁਤਾਬਕ ਉਨ੍ਹਾਂ ਨੇ ਜਲ ਸੈਨਾ ਲਈ ਅਜਿਹਾ ਲੜਾਕੂ ਜਹਾਜ਼ ਵੀ ਡਿਜ਼ਾਈਨ ਕੀਤਾ, ਜਿਹੜਾ ਪਾਣੀ ਦੇ ਥੱਲਿਓਂ ਹੋਰ ਸਮੁੰਦਰੀ ਜਹਾਜ਼ਾਂ ਉੱਤੇ ਹਮਲਾ ਕਰ ਸਕਦਾ ਹੈ।
ਕਾਤਲਾਂ ਦੀ ਪਛਾਣ ਕਰਨ ਲਈ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ ਸੀ, ਬੱਸ ਇੱਕ ਮੋਬਾਇਲ ਫੋਨ, ਸਿੰਮ ਅਤੇ ਇੱਕ ਕਿਰਾਏ ਦੀ ਕਾਰ ਹੀ ਮਿਲੀ ਸੀ, ਜਿਹੜੀ ਕਿਸੇ ਤੀਜੇ ਵਿਅਕਤੀ ਦੇ ਨਾਂਅ ਉੱਤੇ ਦਰਜ ਸੀ।
ਹਮਾਸ ਦੇ ਹਾਈਟੈੱਕ ਹਥਿਆਰ ਮਾਹਰਾਂ ਦਾ ਕਤਲ ਪਹਿਲਾਂ ਦੇ ਆਪ੍ਰੇਸ਼ਨਾਂ ਤੋਂ ਅਲੱਗ ਇਸ ਲਈ ਦੱਸਿਆ ਜਾ ਰਿਹਾ ਸੀ, ਕਿਉਂਕਿ ਮੋਸਾਦ ਨੇ ਕਥਿਤ ਤੌਰ ਉੱਤੇ ਹਮਲਾਵਰਾਂ ਦੇ ਨਾਲ-ਨਾਲ ਉਨ੍ਹਾਂ ਦੀ ਸਹਾਇਤਾ ਲਈ ਕੰਮ ਕਰਦੇ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਵਿਆਹ ਦੇ ਜਸ਼ਨ ਦੌਰਾਨ ਵਿੱਛੀਆਂ ਲਾਸ਼ਾਂ: “ਏਦਾਂ ਲੱਗਾ ਜਿਵੇਂ ਨਰਕ ਦੇ ਦਰਵਾਜ਼ੇ ਖੁੱਲ੍ਹ ਗਏ ਹੋਣ” ਉਹ ਹਾਦਸਾ...
NEXT STORY