“ਮੋਦੀ ਜੀ ਨੇ ਕਿਹਾ ਹੈ ਕਿ ਅਪੰਗ ਨਾ ਕਹੋ, ਦਿਵਿਆਂਗ ਕਹੋ, ਇਸ ਲਈ ਅੱਜ ਦੀ ਤਰੀਕ ਵਿੱਚ ਇਹ ਦਿਵਿਆਂਗ ਮੰਦਰ ਹੈ। "ਇੱਕ ਸਕਲੰਗ ਪ੍ਰਭੂ, ਜਿਸ ਦੇ ਸਾਰੇ ਅੰਗ ਹਨ, ਦਿਵਿਆਂਗ ਮੰਦਰ ਵਿੱਚ ਕਿਵੇਂ ਵਿਰਾਜਮਾਨ ਕਰ ਸਕਦੇ ਹਨ?"
“ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਵਾਰ ਧਰਮ ਨਿਰਪੱਖਤਾ ਦੀ ਸਹੁੰ ਚੁੱਕੀ ਹੈ, ਇਸ ਲਈ ਕਿਸੇ ਵੀ ਧਾਰਮਿਕ ਕੰਮ ਵਿੱਚ ਉਨ੍ਹਾਂ ਦਾ ਸਿੱਧਾ ਅਧਿਕਾਰ ਨਹੀਂ ਬਣਦਾ।”
“ਜੇ ਉਹ ਵਿਆਹੁਤਾ ਹਨ, ਤਾਂ ਉਨ੍ਹਾਂ ਨੂੰ ਪਤਨੀ ਨਾਲ ਬੈਠਣਾ ਪਵੇਗਾ। ਕੋਈ ਵੀ ਵਿਆਹੁਤਾ ਵਿਅਕਤੀ ਆਪਣੀ ਪਤਨੀ ਨੂੰ ਦੂਰ ਰੱਖ ਕੇ ਕਿਸੇ ਵੀ ਧਾਰਮਿਕ ਕੰਮ ਵਿੱਚ ਅਧਿਕਾਰੀ ਨਹੀਂ ਹੋ ਸਕਦਾ।”
“ਜੇਕਰ ਮੰਦਿਰ ਦੇ ਸਿਖਰ ਅਤੇ ਝੰਡੇ ਤੋਂ ਬਿਨਾਂ ਪ੍ਰਤਿਸ਼ਠਾ ਕੀਤੀ ਗਈ, ਤਾਂ ਉਹ ਦੇਖਣ ਨੂੰ ਤਾਂ ਰਾਮ ਦੀ ਮੂਰਤੀ ਹੋਵੇਗੀ ਪਰ ਉਸ ਵਿੱਚ ਇੱਕ ਸ਼ੈਤਾਨ ਹੋਵੇਗਾ। ਸ਼ੈਤਾਨੀ ਸ਼ਕਤੀ ਆ ਕੇ ਇਸ ਵਿੱਚ ਬੈਠ ਜਾਵੇਗੀ।”
ਇਹ ਕੁਝ ਗੱਲਾਂ ਉਸ ਇੰਟਰਵਿਊ ਦਾ ਹਿੱਸਾ ਹਨ ਜੋ ਜਯੋਤਿਰਮੱਠ ਦੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਨੇ 16 ਜਨਵਰੀ ਨੂੰ ਬੀਬੀਸੀ ਨੂੰ ਦਿੱਤੀ ਸੀ।
ਇਸ ਇੰਟਰਵਿਊ ''ਚ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਨਾ ਸਿਰਫ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ''ਤੇ ਸਵਾਲ ਚੁੱਕੇ ਹਨ ਸਗੋਂ ਪਹਿਲੀ ਵਾਰ ਉਨ੍ਹਾਂ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ, ਜੋ ਸੋਸ਼ਲ ਮੀਡੀਆ ''ਤੇ ਲਗਾਤਾਰ ਪੁੱਛੇ ਜਾ ਰਹੇ ਹਨ।
ਤੁਸੀਂ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਨਾਰਾਜ਼ ਕਿਉਂ ਹੋ?
ਮੰਦਰ ਰੱਬ ਦਾ ਸਰੀਰ ਹੈ। ਇਸ ਦਾ ਸਿਖਰ ਉਨ੍ਹਾਂ ਦੀਆਂ ਅੱਖਾਂ ਹਨ। ਉਸਦਾ ਕਲਸ਼, ਉਸਦਾ ਸਿਰ ਅਤੇ ਝੰਡਾ ਉਸਦੇ ਵਾਲ ਹਨ। ਇਸੇ ਤਰ੍ਹਾਂ ਸਭ ਕੁਝ ਵਾਪਰਦਾ ਹੈ। ਅਜੇ ਸਿਰਫ ਧੜ ਹੀ ਬਣਿਆ ਹੈ ਅਤੇ ਜੇਕਰ ਤੁਸੀਂ ਧੜ ਵਿੱਚ ਪ੍ਰਾਣ ਪ੍ਰਤਿਸ਼ਠਾ ਕਰ ਦਿਉਂਗੇ ਤਾਂ ਇਹ ਇੱਕ ਅੰਗ ਹੀਣ ਹੋ ਜਾਵੇਗਾ।
ਮੋਦੀ ਜੀ ਨੇ ਕਿਹਾ ਹੈ ਕਿ ਅਪੰਗ ਨਾ ਕਹੋ, ਦਿਵਿਆਂਗ ਕਹੋ, ਇਸ ਲਈ ਅੱਜ ਇਹ ਦਿਵਿਆਂਗ ਮੰਦਰ ਹੈ। ਦਿਵਿਆਂਗ ਮੰਦਰ ਵਿੱਚ ਸਾਰੇ ਸਰੀਰਾਂ ਵਾਲੇ ਸਕਲੰਗ ਪ੍ਰਭੂ ਨੂੰ ਕਿਵੇਂ ਵਿਰਾਜਮਾਨ ਕਰ ਸਕਦੇ ਹਨ?
ਉਹ ਇੱਕ ਪੂਰਨ ਮਨੁੱਖ ਹੈ, ਇੱਕ ਪੁਰਸ਼ੋਤਮ ਹੈ, ਜਿਸ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਪ੍ਰਾਣ ਪ੍ਰਤਿਸ਼ਠਾ ਸ਼ਬਦ ਮੰਦਰ ਦੇ ਸੰਪੂਰਨ ਹੋਣ ਤੋਂ ਬਾਅਦ ਹੀ ਜੋੜਿਆ ਜਾ ਸਕਦਾ ਹੈ। ਫਿਲਹਾਲ ਉੱਥੇ ਕੋਈ ਪ੍ਰਾਣ ਪ੍ਰਤਿਸ਼ਠਾ ਨਹੀਂ ਹੋ ਸਕਦੀ, ਜੇਕਰ ਹੋ ਰਹੀ ਹੈ ਤਾਂ ਕਰਨ ਵਾਲਾ ਤਾਂ ਕੁਝ ਵੀ ਜ਼ਬਰਦਸਤੀ ਕਰ ਲੈਂਦਾ ਹੈ।
ਅਜਿਹੀ ਸਥਿਤੀ ਵਿੱਚ ਕੀ ਕਹਿਣਾ ਠੀਕ ਹੋਵੇਗਾ?
ਸਿਰ ਅਜੇ ਤੱਕ ਨਹੀਂ ਬਣਿਆ ਹੈ। ਇਸ ਵਿੱਚ ਜਾਨ ਪਾਉਣ ਦਾ ਕੋਈ ਮਤਲਬ ਨਹੀਂ। ਪੂਰਨ ਸਰੀਰ ਬਣਨ ਤੋਂ ਬਾਅਦ ਹੀ ਜੀਵਨ ਆਵੇਗਾ ਅਤੇ ਅਜੇ ਸਮਾਂ ਬਾਕੀ ਹੈ। ਇਸ ਲਈ ਜੋ ਪ੍ਰੋਗਰਾਮ ਹੁਣ ਹੋ ਰਿਹਾ ਹੈ, ਉਸ ਨੂੰ ਧਰਮਿਕ ਨਜ਼ਰੀਏ ਤੋਂ ਪ੍ਰਾਣ ਪ੍ਰਤਿਸ਼ਠਾ ਨਹੀਂ ਕਿਹਾ ਜਾ ਸਕਦਾ।
ਤੁਸੀਂ ਸਮਾਗਮ ਕਰ ਸਕਦੇ ਹੋ...ਰਾਮਧੁਨ ਕਰੋ, ਕੀਰਤਨ ਕਰੋ, ਲੈਕਚਰ ਕਰੋ। ਇਹ ਸਭ ਕੀਤਾ ਜਾ ਸਕਦਾ ਹੈ, ਪਰ ਪ੍ਰਾਣ ਪ੍ਰਤੀਸ਼ਠਾ ਸ਼ਬਦ ਦੀ ਵਰਤੋਂ ਮੰਦਰ ਬਣਨ ਤੋਂ ਬਾਅਦ ਹੀ ਲਾਗੂ ਹੋਵੇਗੀ।
ਕੀ ਪ੍ਰਧਾਨ ਮੰਤਰੀ ਪ੍ਰਾਣ ਪ੍ਰਤਿਸ਼ਠਾ ਕਰ ਸਕਦੇ ਹਨ?
ਪ੍ਰਧਾਨ ਮੰਤਰੀ ਨੇ ਤਿੰਨ ਵਾਰ ਧਰਮ ਨਿਰਪੱਖਤਾ ਦੀ ਸਹੁੰ ਚੁੱਕੀ ਹੈ। ਇੱਕ ਵਾਰ ਭਾਜਪਾ ਦਾ ਮੈਂਬਰ ਬਣਨ ਮੌਕੇ , ਕਿਉਂਕਿ ਪਾਰਟੀ ਨੇ ਧਰਮ ਨਿਰਪੱਖ ਪਾਰਟੀ ਹੋਣ ਦਾ ਚੋਣ ਕਮਿਸ਼ਨ ਵਿੱਚ ਹਲਫ਼ਨਾਮਾ ਦਿੱਤਾ ਹੋਇਆ ਹੈ।
ਦੂਜੀ ਵਾਰ ਸੰਵਿਧਾਨ ਦੀ ਸਹੁੰ ਚੁੱਕ ਕੇ ਸਾਂਸਦ ਬਣੇ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਧਰਮ ਨਿਰਪੱਖਤਾ ਦੀ ਸਹੁੰ ਚੁੱਕੀ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਧਾਰਮਿਕ ਕੰਮ ਵਿੱਚ ਉਨ੍ਹਾਂ ਦਾ ਸਿੱਧਾ ਅਧਿਕਾਰ ਨਹੀਂ ਬਣਦਾ ਹੈ।
ਸਾਰਿਆਂ ਦੇ ਨੁਮਾਇੰਦੇ ਹੋਣ ਦੇ ਨਾਤੇ ਜੇਕਰ ਉਹ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਗੱਲ ਕਰਦੇ ਹਨ ਤਾਂ ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਦੇਸ਼ ਦੇ ਸਾਰੇ ਧਰਮਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਅਤੇ ਉੱਥੇ ਉਨ੍ਹਾਂ ਦੀ ਨੁਮਾਇੰਦਗੀ ਕਰਨ।
ਉਨ੍ਹਾਂ ਨੂੰ ਕਿਸੇ ਇੱਕ ਧਰਮ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ। ਜਾਂ ਤਾਂ ਸਾਰੇ ਧਰਮਾਂ ਵਿੱਚ ਕਰੋ ਜਾਂ ਕਿਸੇ ਵੀ ਧਰਮ ਵਿੱਚ ਨਾ ਕਰੋ।
ਕੀ ਪ੍ਰਧਾਨ ਮੰਤਰੀ ਮੋਦੀ ਯਜਮਾਨ ਬਣ ਸਕਦੇ ਹਨ?
ਸਾਡੇ ਕੁਝ ਧਾਰਮਿਕ ਵਿਸ਼ਵਾਸ ਹਨ। ਆਪਣੀ ਪਤਨੀ ਨੂੰ ਦੂਰ ਰੱਖ ਕੇ ਕੋਈ ਵੀ ਵਿਆਹੁਤਾ ਵਿਅਕਤੀ ਕਿਸੇ ਵੀ ਧਾਰਮਿਕ ਕੰਮ ਵਿੱਚ ਅਧਿਕਾਰੀ ਨਹੀਂ ਹੋ ਸਕਦਾ। ਤੁਸੀਂ ਵਿਆਹੇ ਹੋ। ਤੁਹਾਡੀ ਪਤਨੀ ਹੈ। ਨਾ ਹੁੰਦੀ ਤਾਂ ਗੱਲ ਹੋਰ ਹੈ।
ਉਸ ਨਾਲ ਤੁਹਾਡਾ ਕੀ ਰਿਸ਼ਤਾ ਹੈ, ਕੀ ਨਹੀਂ ਹੈ? ਗੱਲਬਾਤ ਹੁੰਦੀ ਹੈ ਜਾਂ ਨਹੀਂ। ਇਕੱਠੇ ਰਹਿੰਦੇ ਹੋ ਜਾਂ ਨਹੀਂ। ਇਹ ਵੱਖਰੀ ਗੱਲ ਹੈ, ਪਰ ਧਾਰਮਿਕ ਕੰਮ ਵਿੱਚ ਉਸਦਾ ਹੱਕ ਹੈ। ਇਹ ਅੱਧਾ ਸਰੀਰ ਹੈ।
ਜਿਸ ਸਮੇਂ ਇਕੱਠੇ ਸਪਤਪਦੀ ਹੁੰਦੀ ਹੈ, ਉਸ ਸਮੇਂ ਇਹ ਵਚਨ ਹੁੰਦਾ ਹੈ ਕਿ ਮੈਂ ਤੁਹਾਨੂੰ ਧਾਰਮਿਕ ਕਾਰਜਾਂ ਵਿੱਚ ਆਪਣੇ ਨਾਲ ਥਾਂ ਦੇਵਾਂਗਾ। ਇਹ ਵਾਅਦਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ, ਇਸ ਲਈ ਉਸ ਨੂੰ ਧਾਰਮਿਕ ਕਾਰਜਾਂ ਵਿੱਚ ਉਸ ਨੂੰ ਮੌਕਾ ਤਾਂ ਦੇਣਾ ਪਵੇਗਾ। ਤੁਸੀਂ ਉਸ ਨੂੰ (ਪਤਨੀ) ਵਾਂਝਾ ਨਹੀਂ ਕਰ ਸਕਦੇ।
ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਖੁਦ ਬ੍ਰਾਹਮਣ ਨਹੀਂ ਹੋ?
ਇੱਕ ਬ੍ਰਾਹਮਣ ਹੀ ਸੰਨਿਆਸੀ ਹੋ ਸਕਦਾ ਹੈ, ਦੰਡੀ ਸੰਨਿਆਸੀ। ਇਹ ਸਾਡੇ ਧਰਮ ਸ਼ਾਸਤਰ ਵਿੱਚ ਇੱਕ ਸਥਾਪਿਤ ਵਿਧੀ ਹੈ ਅਤੇ ਇਸੇ ਨੂੰ ਕਾਨੂੰਨ ਵਿੱਚ ਵੀ ਮੰਨਿਆ ਗਿਆ ਹੈ ਕਿ ਕੇਵਲ ਇੱਕ ਬ੍ਰਾਹਮਣ ਇੱਕ ਦੰਡੀ ਸੰਨਿਆਸੀ ਬਣੇਗਾ ਅਤੇ ਦੰਡੀ ਹੀ ਸ਼ੰਕਰਾਚਾਰੀਆ ਹੋਵੇਗਾ।
ਜਿਹੜੇ ਕਹਿ ਰਹੇ ਹਨ ਕਿ ਮੈਂ ਬ੍ਰਾਹਮਣ ਨਹੀਂ ਹਾਂ, ਉਨ੍ਹਾਂ ਨੂੰ ਕਿਸੇ ਅਦਾਲਤ ਵਿੱਚ ਕੇਸ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਇਹ ਸਾਬਤ ਕਰਨਾ ਚਾਹੀਦਾ ਹੈ… ਜੇਕਰ ਇਹ ਸਾਬਤ ਹੋ ਗਿਆ ਤਾਂ ਸਾਨੂੰ ਆਪ ਹੀ ਇਸ ਸੀਟ ਤੋਂ ਲਹਿ ਜਾਣਾ ਪਵੇਗਾ।
ਤੁਹਾਡੇ ''ਤੇ ਕਾਂਗਰਸੀ ਹੋਣ ਦੇ ਇਲਜ਼ਾਮ ਵੀ ਲੱਗ ਰਹੇ ਹਨ?
ਠੀਕ ਹੈ, ਉਹ ਹੋਰ ਕਹਿ ਵੀ ਕੀ ਸਕਦੇ ਹਨ? ਸਾਰੇ ਧਰਮ-ਗ੍ਰੰਥ ਪੁਕਾਰ-ਪੁਕਾਰ ਕੇ ਕਹਿ ਰਹੇ ਹਨ ਕਿ ਮੰਦਰ ਦੇਵਤੇ ਦਾ ਸਰੀਰ ਹੈ। ਇੱਕ ਅਧੂਰੇ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨਹੀਂ ਹੋ ਸਕਦੀ।
ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਅਤੇ ਇਸ ਦੀ ਥਾਂ ਉਹ ਮੈਨੂੰ ਕਾਂਗਰਸੀ, ਉਹ ਬ੍ਰਾਹਮਣ ਨਹੀਂ ਹੈ, ਉਹ ਗੁੱਸੇਖੋਰ ਹੈ, ਉਹ ਮੋਦੀ ਵਿਰੋਧੀ ਹੈ, ਵਰਗੀਆਂ ਗੱਲਾਂ ਕਰ ਰਹੇ ਹਨ। ਇਹ ਸਾਡੇ ਸਵਾਲਾਂ ਦੇ ਜਵਾਬ ਨਹੀਂ ਹਨ।
ਕੀ ਤੁਹਾਨੂੰ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਤੋਂ ਡਰ ਨਹੀਂ ਲਗਦਾ?
ਅਸੀਂ ਕੀ ਹਾਂ? ਸਾਡੇ ਕੋਲ ਇੰਨੀ ਮਹਾਨ ਪਰੰਪਰਾ, ਇੰਨੇ ਮਹਾਨ ਗ੍ਰੰਥਾਂ ਦੀ ਤਾਕਤ ਹੈ। ਅਸੀਂ ਸ਼ਾਸਤਰਾਂ ਦੇ ਬੂਤੇ ''ਤੇ ਗੱਲ ਕਰ ਰਹੇ ਹਾਂ। ਇਹ ਸਿਆਸੀ ਹਿੰਦੂ ਹਨ ਇਨ੍ਹਾਂ ਦੀ ਗਿਣਤੀ ਕਿਸੇ ਗਿਣਤੀ ਵਿੱਚ ਨਹੀਂ ਹੈ।
ਅਮਿਤ ਸ਼ਾਹ ਨੇ ਪ੍ਰੈੱਸ ਕਾਨਫਰੰਸ ਕਰਕੇ ਮਿਸ ਕਾਲ ਦਾ ਮੁੱਦਾ ਛੇੜਿਆ ਅਤੇ ਕਿਹਾ ਕਿ ਅਸੀਂ 10 ਕਰੋੜ ਲੋਕਾਂ ਨੂੰ ਸ਼ਾਮਲ ਕਰ ਲਿਆ। ਇਸ ਤਰ੍ਹਾਂ 10 ਕਰੋੜ ਭਾਜਪਾਈ ਹੋ ਗਏ। ਇਨ੍ਹਾਂ ਨੂੰ ਕਰੀਬ 21 ਕਰੋੜ ਵੋਟਾਂ ਮਿਲਦੀਆਂ ਹਨ।
ਇੰਨੇ ਲੋਕ ਇੰਨ੍ਹਾ ਦੇ ਹੋ ਗਏ ਪਰ ਦੇਸ ਵਿੱਚ 100 ਕਰੋੜ ਹਿੰਦੂ ਹਨ, 50 ਕਰੋੜ ਹਿੰਦੂ ਹਨ ਜੋ ਸਨਾਤਨੀ ਹਨ, ਉਹ ਗੁਰੂਆਂ ਦੇ ਹੁਕਮ ਮੰਨਦੇ… ਜਿੰਨੇ ਹਿੰਦੂ ਭਾਰਤ ਵਿੱਚ ਰਹਿੰਦੇ ਉਨ੍ਹਾਂ ਵਿੱਚੋਂ ਬਹੁਤੇ ਹਿੰਦੂ ਇਨ੍ਹਾਂ ਦੇ ਨਾਲ ਨਹੀਂ ਹਨ। ਉਹ ਅਜੇ ਵੀ ਸਾਡੇ ਮਗਰ ਹਨ।
ਕੀ ਤੁਾਹਾਨੂੰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦਾ ਸੱਦਾ ਮਿਲਿਆ ਹੈ?
ਨਹੀਂ, ਮੈਨੂੰ ਕੋਈ ਸੱਦਾ ਪੱਤਰ ਨਹੀਂ ਮਿਲਿਆ ਹੈ।
ਜੋ ਪ੍ਰੋਟੋਕਾਲ ਪਰੰਪਰਾ ਤੋਂ ਤੁਰਿਆ ਆ ਰਿਹਾ ਹੈ, ਉਹ ਤੁਸੀਂ ਖੋਹ ਲਿਆ ਹੈ। ਤੁਸੀਂ ਦਲਾਈ ਲਾਮਾ ਨੂੰ ਪ੍ਰੋਟੋਕੋਲ ਦਿੰਦੇ ਹੋ ਜੋ ਹਿੰਦੂ ਧਰਮ ਦਾ ਗੁਰੂ ਨਹੀਂ ਹੈ। ਤੁਸੀਂ ਰਾਮ ਜੀ ਦੇ ਮੰਦਰ ਵਿੱਚ ਸ਼ੰਕਰਾਚਾਰੀਆ ਨੂੰ ਨਹੀਂ ਬੁਲਾਉਂਦੇ। ਤੁਸੀਂ ਦਲਾਈ ਲਾਮਾ ਨੂੰ ਬੁਲਾਉਂਦੇ ਹੋ, ਇਹ ਕੀ ਹੈ?
ਕੀ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਿੱਜੀ ਤੌਰ ''ਤੇ ਨਾਰਾਜ਼ ਹੋ?
ਤੁਸੀਂ ਸਾਡੀ ਸਥਿਤੀ ਨੂੰ ਸਮਝੋ। 2019 ਵਿੱਚ, ਅਸੀਂ ਉਨ੍ਹਾਂ (ਪੀਐਮ ਮੋਦੀ) ਦੇ ਖਿਲਾਫ ਇੱਕ ਵਿਅਕਤੀ ਖੜ੍ਹਾ ਕੀਤਾ ਸੀ ਕਿਉਂਕਿ ਵਿਸ਼ਵਨਾਥ ਕੋਰੀਡੋਰ ਦੇ ਨਾਮ ''ਤੇ ਲਗਭਗ 150 ਮੰਦਰ ਢਾਹ ਦਿੱਤੇ ਗਏ। ਉਨ੍ਹਾਂ ਦੀਆਂ ਮੂਰਤੀਆਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਵਿੱਚ ਸਾਡੇ ਪੌਰਾਣਿਕ ਮੰਦਰ ਸਨ।
ਕੁਝ 2 ਹਜ਼ਾਰ ਸਾਲ ਪੁਰਾਣਾ ਸੀ, ਤਾਂ ਕੋਈ ਇੱਕ ਹਜ਼ਾਰ ਸਾਲ ਪੁਰਾਣਾ... ਔਰੰਗਜ਼ੇਬ ਤੋਂ ਅਸੀਂ ਇਸੇ ਗੱਲੋਂ ਨਫ਼ਰਤ ਕਰਦੇ ਸੀ ਅਤੇ ਹੁਣ ਜੇ ਇਹੀ ਕੰਮ ਸਾਡਾ ਕੋਈ ਭਰਾ ਜਾਂ ਭੈਣ ਕਰੇ ਤਾਂ ਅਸੀਂ ਉਸ ਨੂੰ ਕਿਵੇਂ ਮਾਫ਼ ਕਰ ਦੇਈਏ… ਇਸ ਗੱਲ ਨੂੰ ਕੋਈ ਅਖ਼ਬਾਰ ਜਾਂ ਟੀਵੀ ਨਹੀਂ ਦਿਖਾ ਰਿਹਾ।
ਇੱਕ ਹੀ ਰਸਤਾ ਸਾਨੂੰ ਦਿਖਾਈ ਦਿੱਤਾ ਕਿ ਇਨ੍ਹਾਂ ਦੇ ਸਾਹਮਣੇ ਇੱਕ ਸੰਤ ਨੂੰ ਖੜ੍ਹਾ ਕਰੀਏ ਤਾਂ ਸੁਭਾਵਿਕ ਹੈ ਕਿ ਹਰ ਕੋਈ ਉਨ੍ਹਾਂ ਦੀ ਇੰਟਰਵਿਊ ਤਾਂ ਸਾਰੇ ਕਰਨਗੇ, ਮੋਦੀ ਜੀ ਨੂੰ ਧਰਮ ਦੇ ਬੰਦਾ ਮੰਨੇ ਜਾਂਦੇ ਹਨ, ਅਤੇ ਪੁੱਛਿਆ ਜਾਵੇਗਾ ਕਿ ਉਨ੍ਹਾਂ ਦੇ ਸਾਹਮਣੇ ਸੰਤਾਂ ਨੂੰ ਖੜੇ ਹੋਣ ਦੀ ਕੀ ਲੋੜ ਸੀ।
ਜਦੋਂ ਉਹ ਖੜ੍ਹਾ ਹੋਵੇਗਾ, ਉਹ ਕਹਿ ਸਕੇਗਾ ਕਿ ਮੰਦਰਾਂ ਨੂੰ ਢਾਹ ਦਿੱਤਾ ਗਿਆ ਸੀ। ਸਾਡੇ ਧਰਮ ਦਾ ਨੁਕਸਾਨ ਹੋਇਆ। ਇਸ ਲਈ ਅਸੀਂ ਉਸ ਖੜ੍ਹਾ ਕਰ ਰਹੇ ਸੀ ਪਰ ਬਿਨਾਂ ਕਿਸੇ ਗਲਤੀ ਦੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ।
ਕੀ ਹਿੰਦੂ ਧਰਮ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ?
ਹੁਣ ਕੀ ਹੋ ਰਿਹਾ ਹੈ ਕਿ ਅਸੀਂ ਵੇਦਾਂ, ਗ੍ਰੰਥਾਂ, ਗੁਰੂਆਂ, ਧਰਮਾਚਾਰੀਆਂ ਨੂੰ ਨਹੀਂ ਮੰਨਾਂਗੇ ਅਤੇ ਸਾਡਾ ਆਗੂ ਹੀ ਸਭ ਕੁਝ ਹੈ, ਜੋ ਉਹ ਕਹੇਗਾ ਅਸੀਂ ਉਹੀ ਕਰਾਂਗੇ। ਇਸ ਭਾਵਨਾ ਭਰ ਕੇ ਹਿੰਦੂਆਂ ਨੂੰ ਪਟੜੀ ਤੋਂ ਉਤਾਰਿਆ ਜਾ ਰਿਹਾ ਹੈ।
ਇਸ ਦਾ ਨੁਕਸਾਨ ਇਹ ਹੋਵੇਗਾ ਕਿ ਜੇਕਰ ਅਸੀਂ ਰਾਜੇ ਨੂੰ ਆਪਣਾ ਪ੍ਰਤੀਕ ਮੰਨ ਲਈਏ ਤਾਂ ਰਾਜੇ ਨਾਲ ਤਾਂ ਹਮੇਸ਼ਾ ਹੀ ਯੁੱਧ ਹੁੰਦਾ ਰਹਿੰਦਾ ਹੈ। ਰਾਜੇ ਦਾ ਹਮੇਸ਼ਾ ਕੋਈ ਨਾ ਕੋਈ ਦੁਸ਼ਮਣ ਹੁੰਦਾ ਹੈ। ਕਿਸੇ ਸਮੇਂ ਜੇਕਰ ਅਣਗਹਿਲੀ ਕਾਰਨ ਰਾਜਾ ਹਾਰ ਗਿਆ ਤਾਂ ਹਿੰਦੂ ਕਿੱਥੇ ਜਾਵੇਗਾ? ਅਜਿਹੀ ਸਥਿਤੀ ਵਿੱਚ ਹਿੰਦੂ ਹਾਰ ਜਾਵੇਗਾ।
ਸਾਡੇ ਪੂਰਵਜਾਂ ਨੇ ਵੀ ਇਹੀ ਤਰੀਕਾ ਅਪਣਾਇਆ ਸੀ ਕਿ ਅਸੀਂ ਰਾਜੇ ਵਿੱਚ ਪੂਰੀ ਤਰ੍ਹਾਂ ਲੀਨ ਨਹੀਂ ਹੋਵਾਂਗੇ। ਰਾਜਾ ਵੀ ਸਾਡਾ ਹਿੱਸਾ ਹੈ।
ਇਹ ਇੱਕ ਪੈਟਰਨ ਬਣ ਗਿਆ ਹੈ ਕਿ ਜੇਕਰ ਤੁਸੀਂ ਨੇਤਾ ਦੇ ਸਰਕੂਲਰ ਨੂੰ ਮੰਨੋ ਤਾਂ ਤੁਸੀਂ ਹਿੰਦੂ ਹੋ। ਇਹ ਠੀਕ ਨਹੀਂ ਹੈ, ਜੋ ਧਰਮ ਸ਼ਾਸਤਰ ਨੂੰ ਮੰਨੇ ਅਤੇ ਉਸ ਹਿਸਾਬ ਨਾਲ ਚੱਲੇ ਉਹ ਹਿੰਦੂ ਹੈ।
ਕੀ ਤੁਹਾਡੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਕੋਈ ਲੜਾਈ ਹੈ?
ਸਾਡੀ ਕੋਈ ਲੜਾਈ ਨਹੀਂ ਹੈ। ਜਿਨ੍ਹਾਂ ਲੋਕਾਂ ਦੀ ਸੋਚ ਇੱਥੋਂ ਤੱਕ ਹੀ ਸੀਮਤ ਹੈ ਉਹ ਲੋਕ ਅਜਿਹਾ ਸੋਚ ਸਕਦੇ ਹਨ। ਸਾਡੀ ਇਹ ਸੋਚ ਨਹੀਂ ਹੈ।
ਸ਼ੰਕਰਾਚਾਰੀਆ ਦਾ ਟਰੱਸਟ ਪਹਿਲਾਂ ਹੀ ਬਣਿਆ ਹੋਇਆ ਸੀ, ਪਰ ਉਸ ਟਰੱਸਟ ਨੂੰ ਬਿਨਾਂ ਕੋਈ ਕਾਰਨ ਦੱਸੇ ਹਟਾ ਦਿੱਤਾ ਗਿਆ।
ਇਸ ਵਿੱਚ ਦੇਸ਼ ਦੇ ਵੱਡੇ-ਵੱਡੇ ਧਾਰਮਿਕ ਆਗੂ ਸਨ, ਚਾਰ ਸ਼ੰਕਰਾਚਾਰੀਆ, ਪੰਜ ਵੈਸ਼ਨਵ ਆਚਾਰੀਆ, 13 ਅਖਾੜਿਆਂ ਦੇ ਮੁਖੀ ਸਨ। ਅਜਿਹੇ ਭਰੋਸੇ ਨੂੰ ਹਟਾ ਕੇ ਆਪਣੇ ਵਰਕਰਾਂ ਦਾ ਇੱਕ ਟਰੱਸਟ ਪ੍ਰਧਾਨ ਮੰਤਰੀ ਨੇ ਬਣਾਵਾ ਲਿਆ।
ਇਹ ਸਮਾਗਮ ਉੱਥੇ ਮੌਜੂਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਕਰ ਰਿਹਾ ਹੈ, ਇਸ ਦੀ ਜ਼ਰੂਰ ਕੋਈ ਨਾ ਕੋਈ ਮਜਬੂਰੀ ਹੋਵੇਗੀ ਅਤੇ ਜੇਕਰ ਇਸ ਨੂੰ ਵੱਡੇ ਪੱਧਰ ''ਤੇ ਦੇਖਣਾ ਪਵੇ ਤਾਂ ਉਹੀ ਲੋਕ ਪਹੁੰਚਣਗੇ ਜੋ ਘਰ-ਘਰ ਚੌਲ ਵੰਡਣ ''ਚ ਮਦਦ ਕਰ ਰਹੇ ਹਨ।
ਚੰਪਤ ਰਾਏ ਨੇ ਕਿਹਾ ਹੈ ਕਿ ਇਹ ਮੰਦਰ ਰਾਮਾਨੰਦ ਸੰਪਰਦਾਇ ਦਾ ਹੈ?
ਜੇਕਰ ਮੰਦਰ ਰਾਮਾਨੰਦ ਸੰਪਰਦਾਇ ਦਾ ਹੈ ਤਾਂ ਤੁਸੀਂ ਕਿਉਂ ਬੈਠੇ ਹੋ, ਕਿਰਪਾ ਕਰਕੇ ਹਟੋ ਅਤੇ ਰਾਮਾਨੰਦ ਸੰਪਰਦਾਇ ਨੂੰ ਦੇ ਦਿਓ… ਜਗਤਗੁਰੂ ਸਵਾਮੀ ਰਾਮਾਨੰਦ ਰਾਮਨਰੇਸ਼ਚਾਰੀਆ ਰਾਮਾਨੰਦ ਸੰਪਰਦਾਇ ਦੇ ਸਭ ਤੋਂ ਵੱਡੇ ਗੁਰੂ ਹਨ। ਉਨ੍ਹਾਂ ਦੇ ਲੋਕਾਂ ਨੇ ਦੱਸਿਆ ਕਿ ਸਾਨੂੰ ਸੱਦਾ ਵੀ ਨਹੀਂ ਪਹੁੰਚਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪੰਜਾਬੀਆਂ ਨੇ ਵਿਦੇਸ਼ ਜਾਣ ਲਈ 14,342 ਕਰੋੜ ਕਰਜ਼ ਲਿਆ, ਅਧਿਐਨ ’ਚ ਵਿਦੇਸ਼ ਲਈ ਪੈਸਾ ਜੋੜਨ ਦੇ ਤਰੀਕਿਆਂ...
NEXT STORY