ਈਰਾਨ ਨੇ ਮੰਨਿਆ ਹੈ ਕਿ ਉਸ ਨੇ ਮੰਗਲਵਾਰ ਨੂੰ ਪੱਛਮੀ ਪਾਕਿਸਤਾਨ ''ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ।
ਪਾਕਿਸਤਾਨ ਨੇ ਕਿਹਾ ਹੈ ਕਿ ਈਰਾਨ ਵੱਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ ਬਲੂਚਿਸਤਾਨ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਜ਼ਖ਼ਮੀ ਹੋਏ ਹਨ।
ਹੁਣ ਪਾਕਿਸਤਾਨ ਨੇ ਵੀ ਈਰਾਨ ''ਚ ਕਥਿਤ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ''ਤੇ ਹਮਲਾ ਕਰਨ ਦੀ ਗੱਲ ਕੀਤੀ ਹੈ।
ਪਾਕਿਸਤਾਨ ਦੇ ਇਸ ਦਾਅਵੇ ''ਤੇ ਈਰਾਨ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਈਰਾਨੀ ਹਮਲੇ ਨੂੰ ‘ਆਤਮ ਰੱਖਿਆ’ ਵਿੱਚ ਚੁੱਕਿਆ ਕਦਮ ਕਿਹਾ ਹੈ।
ਇਸੇ ਦੌਰਾਨ ਵਿਸ਼ਲੇਸ਼ਕਾਂ ਵੱਲੋਂ ਦੋਵਾਂ ਦੇਸਾਂ ਦੀ ਆਪਸੀ ਖਿੱਚੋਤਾਣ ਦੇ ਮਤਲਬ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਈਰਾਨ ਦੇ ਹਮਲੇ ਦੇ ਕਿੰਨੇ ਮਤਲਬ ਕੱਢੇ ਜਾ ਸਕਦੇ ਹਨ
ਬੀਬੀਸੀ ਫਾਰਸੀ ਦੇ ਪੱਤਰਕਾਰ ਮੁਹੰਮਦ ਸ਼ਰਾਫਤ ਵਜ਼ੀਰੀ ਦਾ ਤਬਸਰਾ:
ਬਲੂਚਿਸਤਾਨ ਇਲਾਕਾ ਪਾਕਿਸਤਾਨ ਅਤੇ ਈਰਾਨ ਦੋਵਾਂ ਦੇਸਾਂ ਦਾ ਸਰਹੱਦੀ ਇਲਾਕਾ ਹੈ। ਪੱਛਮੀ ਬਲੂਚਿਸਤਾਨ ਈਰਾਨ ਅਤੇ ਪੂਰਬੀ ਬਲੂਚਿਸਤਾਨ ਪਾਕਿਸਤਾਨ ਦੇ ਕਬਜ਼ੇ ਹੇਠ ਹੈ।
ਇਹ ਇਲਾਕਾ ਦੋਵਾਂ ਦੇਸਾਂ ਤੋਂ ਅਜ਼ਾਦੀ ਦੀ ਮੰਗ ਕਰਦਾ ਰਿਹਾ ਹੈ। ਇਸ ਲਈ ਦੋਵੇਂ ਦੇਸ ਹਮੇਸ਼ਾ ਹੀ ਬਾਗੀ ਸਮੂਹਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਇਹ ਬਾਗੀ ਜੱਥੇ ਕਈ ਕਾਰਨਾਂ ਕਰਕੇ ਇੱਥੇ ਸਰਗਰਮ ਹਨ।
ਇਸ ਤੋਂ ਇਲਾਵਾ ਈਰਾਨ ਅਤੇ ਪਾਕਿਸਤਾਨ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਉਸ ਨਾਲ ਵੀ ਆਪੋ-ਆਪਣੇ ਸਰਹੱਦੀ ਵਿਵਾਦਾਂ ਵਿੱਚ ਉਲਝੇ ਹੋਏ ਹਨ।
ਈਰਾਨ ਆਪਣੀ ਪੱਛਮੀ ਸਰਹੱਦ ਉੱਪਰ ਪਾਕਿਸਤਾਨ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਜਦਕਿ ਪਾਕਿਸਤਾਨ ਨੂੰ ਆਪਣੇ ਪੂਰਬ ਵਿੱਚ ਭਾਰਤ ਤੋਂ ਮੁਸ਼ਕਿਲਾਂ ਹਨ।
ਸਿਸਤਾਨ ਬਲੂਚਿਸਤਾਨ ਖੇਤਰ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਇੰਝ ਲਗਦਾ ਹੈ ਕਿ ਦੋਵਾਂ ਦੇਸਾਂ ਦੀ ਰਣਨੀਤੀ ਤਣਾਅ ਨੂੰ ਨਾ ਵਧਾਉਣ ਪ੍ਰਤੀ ਹੀ ਕੇਂਦਰਿਤ ਹੈ। ਇਸ ਦੀ ਵਜ੍ਹਾ ਇਹ ਵੀ ਹੈ ਕਿ ਦੋਵਾਂ ਮੁਲਕਾਂ ਕੋਲ ਸੁਲਝਾਉਣ ਲਈ ਆਪੋ-ਆਪਣੇ ਹੋਰ ਵਧੇਰੇ ਮਹੱਤਵਪੂਰਨ ਮੁੱਦੇ ਵੀ ਹਨ।
ਇਸ ਨੂੰ ਇੱਕ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ। ਚਿਰੋਕਣੇ ਸਰਹੱਦੀ ਵਿਵਾਦ ਦੇ ਬਾਵਜੂਦ ਬੁੱਧਵਾਰ ਦੀ ਰਾਤ ਤੋਂ ਪਹਿਲਾਂ ਕਦੇ ਵੀ ਇੱਕ ਦੂਜੇ ਖਿਲਾਫ਼ ਅਜਿਹੀ ਕਾਰਵਾਈ ਕਦੇ ਨਹੀਂ ਕੀਤੀ।
ਇਸ ਲਿਹਾਜ਼ ਨਾਲ ਈਰਾਨ ਦਾ ਪਾਕਿਸਤਾਨ ਦੀ ਧਰਤੀ ਉੱਪਰ ਕੀਤੇ ਹਮਲੇ ਬਾਰੇ ਸਾਡਾ ਨੋਟਿਸ ਲੈਣਾ ਬਣਦਾ ਹੈ। ਉਹ ਵੀ ਉਦੋਂ ਜਦੋਂ ਦੋਵਾਂ ਦੇਸਾਂ ਦੇ ਅਧਿਕਾਰੀ ਆਪਸੀ ਗੱਲਬਾਤ ਅਤੇ ਬੈਠਕਾਂ ਕਰ ਰਹੇ ਸਨ।
ਇਸ ਹਮਲੇ ਤੋਂ ਸਿਰਫ ਇੱਕ ਦਿਨ ਪਹਿਲਾਂ ਹਸਨ ਕਾਜ਼ਮੀ-ਕੂਮੀ (ਅਫ਼ਗਾਨਿਸਤਾਨ ਵਿੱਚ ਈਰਾਨੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਅਤੇ ਦੇਸ ਦੇ ਸਫ਼ੀਰ) ਨੇ ਇਸਲਾਮਾਬਾਦ ਫੇਰੀ ਦੌਰਾਨ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ।
ਦੋਵੇਂ ਧਿਰਾਂ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਬਾਰੇ ਚਰਚਾ ਕਰਨ ਲਈ ਇੱਕ “ਖੇਤਰੀ ਸੰਪਰਕ ਗਰੁੱਪ” ਬਣਾਉਣ ਲਈ ਸਹਿਮਤ ਵੀ ਹੋਈਆਂ ਸਨ।
ਇੱਕ ਪਾਸੇ ਈਰਾਨੀ ਮੀਡੀਆ ਵਿੱਚ ਪਾਕਿਸਤਾਨੀ ਧਰਤੀ ਉੱਪਰ ਜੈਸ਼-ਅਲ-ਅਦਲ ਦੇ ਟਿਕਾਣਿਆਂ ਉੱਪਰ ਮਿਜ਼ਾਈਲ ਹਮਲੇ ਦੀ ਚਰਚਾ ਹੋ ਰਹੀ ਸੀ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੋਲਿਆਂ ਯੂਰਪ ਵਿੱਚ ਪਾਕਿਸਤਾਨ ਦੇ ਅੰਤਰਿਮ ਪ੍ਰਧਾਨ ਮੰਤਰੀ ਅਨਵਰ ਕੱਕੜ ਨਾਲ ਮੁਲਾਕਾਤ ਕਰ ਰਹੇ ਸਨ।
ਦੋਵਾਂ ਵਿੱਚ ਇਹ ਬੈਠਕ ਡਾਵੋਸ, ਸਵਿਟਜ਼ਰਲੈਂਡ ਵਿੱਚ ਸ਼ੁਰੂ ਹੋਈ ਵਿਸ਼ਵ ਆਰਥਿਕਤਾ ਫੋਰਮ ਦੀ ਸਾਲਾਨਾ ਸਿਖਰ ਵਾਰਤਾ ਦੇ ਨਾਲ ਲਗਦਿਆਂ ਹੋਈ।
ਖ਼ਬਰ ਏਜੰਸੀ ਆਈਐਸਐਨਏ ਮੁਤਾਬਕ ਇਸ ਬੈਠਕ ਦੌਰਾਨ ਈਰਾਨੀ ਵਿਦੇਸ਼ ਮੰਤਰੀ ਨੇ ਦੋਵਾਂ ਦੇਸਾਂ ਦਰਮਿਆਨ “ਦਹਿਸ਼ਤਗਰਦੀ ਦੇ ਮੁਕਾਬਲੇ” ਅਤੇ ਦੋਵਾਂ ਦੇਸਾਂ ਦਰਮਿਆਨ ਇਸਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਇਸ ਸੰਬੰਧ ਵਿੱਚ ਹੋਏ ਪੁਰਾਣੇ ਸਮਝੌਤਿਆਂ ਦੀ ਪੈਰਵਾਈ ਕਰਨ ਬਾਰੇ ਵੀ ਗੱਲਬਾਤ ਕੀਤੀ।
ਖ਼ਬਰਾਂ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਖਿੱਤੇ ਵਿਚਲੀਆਂ ਦੁਵੱਲੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ।
ਉਨ੍ਹਾਂ ਨੇ “ਦਹਿਸ਼ਤਗਰਦ ਖਤਰਿਆਂ ਨੂੰ ਕਾਬੂ ਕਰਨ ਦੀ ਦਿਸ਼ਾ ਵਿੱਚ ਦੋਵਾਂ ਦੇਸਾਂ ਦੇ ਸਾਂਝੇ ਯਤਨਾਂ ਅਤੇ ਸਹਿਯੋਗ ਦੀ ਲੋੜ” ਉੱਪਰ ਜ਼ੋਰ ਦਿੱਤਾ।
ਇਸੇ ਦੌਰਾਨ ਈਰਾਨ ਦੀ ਸਰਕਾਰੀ ਏਜੰਸੀ ਆਈਆਈਐਨਏ ਨੇ ਪਿਛਲੀ ਰਾਤ ਦੋਵਾਂ ਦੇਸਾਂ ਦੀਆਂ ਸਮੁੰਦਰੀ ਫ਼ੌਜਾਂ ਵੱਲੋਂ ਸਾਂਝੀ ਮਸ਼ਕ ਬਾਰੇ ਵੀ ਰਿਪੋਰਟ ਕੀਤਾ।
ਇਨ੍ਹਾਂ ਸਾਰੇ ਤੱਥਾਂ ਦੇ ਮੱਦੇਨਜ਼ਰ ਦੋਵਾਂ ਦੇਸਾਂ ਦਰਮਿਆਨ ਗੰਭੀਰ ਕੂਟਨੀਤਿਕ ਤਣਾਅ ਦੀ ਵਜ੍ਹਾ ਬਣ ਰਹੇ ਇਸ ਹਮਲੇ ਦੇ ਸਟੀਕ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ ਚੁਣੌਤੀਪੂਰਨ ਹੈ।
ਫਿਰ ਵੀ ਇਹ ਕਿਆਸ ਤਾਂ ਲਾਇਆ ਜਾ ਸਕਦਾ ਹੈ ਕਿ ਸਿਸਤਾਨ ਅਤੇ ਬਲੂਚਿਸਤਾਨ ਖੇਤਰਾਂ ਵਿੱਚ ਬਾਗੀ ਗੁੱਟਾਂ ਦੀਆਂ ਹਾਲੀਆ ਸਰਗਰਮੀਆਂ ਅਤੇ ਕੇਰਮਨ ਵਿੱਚ ਹੋਏ ਹਾਲੀਆ ਖੁਦਕੁਸ਼ ਹਮਲੇ ਜਿਸ ਵਿੱਚ ਕਈ ਜਾਨਾਂ ਗਈਆਂ ਸਨ ਇਸ ਹਮਲੇ ਦੀ ਇੱਕ ਵਜ੍ਹਾ ਜ਼ਰੂਰ ਹੋ ਸਕਦੇ ਹਨ।
ਹਾਲਾਂਕਿ ਆਈਐਸਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਸੀ। ਈਰਾਨ, ਇਜ਼ਰਾਈਲ ਨੂੰ ਹੀ ਅਜਿਹੇ ਹਮਲਿਆਂ ਪਿਛਲੀ ਪ੍ਰਮੁੱਖ ਸ਼ਕਤੀ ਵਜੋਂ ਦੇਖਦਾ ਹੈ।
ਇਹ ਨੋਟ ਕਰਨਾ ਵੀ ਅਹਿਮ ਹੈ ਕਿ ਈਰਾਨ ਦੇ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਦਾ ਜ਼ਿੰਮਾ “ਇਸਲਾਮਿਕ ਰਿਪਬਲਿਕ ਦੀ ਲਾਅ ਇਨਫੋਰਸਮੈਂਟ ਫੋਰਸਿਜ਼” ਦੇਖਦੀਆਂ ਹਨ।
ਹਾਲਾਂਕਿ ਸਾਲ 2014 ਤੋਂ ਈਰਾਨ ਦੇ ਸਿਸਤਾਨ ਅਤੇ ਬਲੂਚਿਸਤਾਨ ਸੂਬੇ ਦੀ ਸਰਹੱਦ ਦਾ ਜ਼ਿੰਮਾ ਈਰਾਨ ਦੇ ਰੈਵਲੂਸ਼ਨਰੀ ਗਾਰਡਸ ਸੰਭਾਲਦੇ ਹਨ। ਇਹੀ ਸਰਹੱਦ ਈਰਾਨ ਨੂੰ ਆਪਣੇ ਗੁਆਂਢੀ ਅਫ਼ਗਾਨਿਸਤਾਨ, ਪਾਕਿਸਤਾਨ ਨਾਲ ਵੀ ਜੋੜਦੀ ਹੈ।
ਇੱਕ ਨਜ਼ਰੀਏ ਤੋਂ ਤਾਂ ਪਾਕਿਸਤਾਨ ਉੱਪਰ ਕੀਤਾ ਹਮਲਾ ਈਰਾਨ ਲਈ ਘਰੇਲੂ ਮੰਤਵ ਨੂੰ ਪੂਰਾ ਕਰਨ ਵਾਲਾ ਵਧੇਰੇ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਜਿਸ ਤਰ੍ਹਾਂ ਇਹ ਹਮਲਾ ਈਰਾਨ ਵੱਲੋਂ ਸੀਰੀਆ ਅਤੇ ਇਰਾਕ ਵਿੱਚ ਕੀਤੇ ਗਏ ਮਿਜ਼ਾਈਲ ਹਮਲਿਆਂ ਨਾਲ ਜੁੜਿਆ ਹੋਇਆ ਹੈ ਉਹ ਪਹਿਲੂ ਵੀ ਵਿਚਾਨਰਯੋਗ ਹੈ।
ਤਹਿਰਾਨ ਅਤੇ ਉਸ ਦੀਆਂ ਫ਼ੌਜਾਂ ਇਸ ਨੂੰ ਆਪਣੀ ਤਾਕਤ ਦੇ ਜਲਵੇ ਵਜੋਂ ਅਤੇ ਸੰਭਾਵੀ ਸਿੱਟਿਆਂ ਤੋਂ ਬੇਝਿਜਕ ਅਜਿਹੇ ਆਪਰੇਸ਼ਨਸ ਨੇਪਰੇ ਚਾੜ੍ਹ ਸਕਣ ਦੀ ਸਮਰੱਥਾ ਦੇਖਦੀਆਂ ਹਨ।
ਇਨ੍ਹਾਂ ਕਾਰਵਾਈਆਂ ਦੇ ਨਤੀਜੇ ਈਰਾਨ ਦੀ ਖੇਤਰੀ ਭੂਮਿਕਾ ਅਤੇ ਕੂਟਨੀਤਿਕ ਯਤਨਾਂ ਨੂੰ ਪ੍ਰਭਾਵਿਤ ਤਾਂ ਕਰ ਹੀ ਸਕਦੀਆਂ ਹਨ।
ਸਗੋਂ ਅਜਿਹੀਆਂ ਕਾਰਵਾਈਆਂ ਪੱਛਮੀ ਨਜ਼ਰੀਏ ਤੋਂ ਵੀ ਤਹਿਰਾਨ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀਆਂ ਹਨ। (ਜਿੱਥੇ) ਪਹਿਲਾਂ ਹੀ ਈਰਾਨ ਨੂੰ ਖੇਤਰ ਵਿੱਚ “ਅਸਥਿਰਤਾ” ਪੈਦਾ ਕਰਨ ਵਾਲੇ ਵਜੋਂ ਸਮਝਿਆ ਜਾਂਦਾ ਹੈ।
ਪਾਕਿਸਤਾਨ ਉੱਪਰ ਤਾਜ਼ਾ ਹਮਲੇ ਈਰਾਨ ਲਈ ਇੱਕ ਖਤਰਨਾਕ ਜੂਆ ਹਨ। ਸੰਭਵ ਹੈ ਇਨ੍ਹਾਂ ਤੋਂ ਇੱਛਤ ਮੰਤਵਾਂ ਦੀ ਪੂਰਤੀ ਤਾਂ ਭਾਵੇਂ ਨਾ ਹੋਵੇ ਪਰ ਈਰਾਨ ਲਈ ਖੇਤਰੀ ਅਤੇ ਕੂਟਨਿਤਿਕ ਤੌਰ ’ਤੇ ਵੱਡੀਆਂ ਦਿੱਕਤਾਂ ਜ਼ਰੂਰ ਖੜ੍ਹੀਆਂ ਕਰ ਸਕਦੇ ਹਨ।
ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਈਰਾਨ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣ ਲਈ ਮਜ਼ਬੂਰ ਹੋਣਾ ਪਵੇ।
ਭਾਰਤ ਨੇ ਈਰਾਨ ਦਾ ਪੱਖ ਕਿਉਂ ਲਿਆ?
ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਰਾਕ ਦੇ ਕੁਰਦਿਸ਼ ਇਲਾਕੇ ਅਤੇ ਸੀਰੀਆ ''ਚ ਈਰਾਨੀ ਹਮਲੇ ''ਤੇ ਕੁਝ ਨਹੀਂ ਕਿਹਾ, ਹਾਲਾਂਕਿ ਤਿੰਨੋਂ ਹਮਲੇ ਇੱਕੋ ਦਿਨ ਹੋਏ ਸਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੁੱਧਵਾਰ ਨੂੰ ਕਿਹਾ, "ਇਹ ਈਰਾਨ ਅਤੇ ਪਾਕਿਸਤਾਨ ਦਾ ਆਪਸੀ ਮਾਮਲਾ ਹੈ।" ਲੇਕਿਨ ਅੱਤਵਾਦ ''ਤੇ ਭਾਰਤ ਦਾ ਸਟੈਂਡ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਕਰਨ ਵਾਲਾ ਨਹੀਂ ਹੈ। ਸਾਨੂੰ ਪਤਾ ਹੈ ਕਿ ਦੇਸ ਸਵੈ-ਰੱਖਿਆ ਵਿੱਚ ਅਜਿਹੇ ਕਦਮ ਚੁੱਕਦੇ ਹਨ।”
ਈਰਾਨ ਨੇ 16 ਜਨਵਰੀ ਨੂੰ ਪਾਕਿਸਤਾਨ ''ਤੇ ਹਮਲਾ ਕੀਤਾ ਸੀ ਅਤੇ ਇੱਕ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਈਰਾਨ ਪਹੁੰਚੇ ਸਨ। ਐਸ ਜੈਸ਼ੰਕਰ ਨੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਆਪਣੇ ਈਰਾਨੀ ਹਮਰੁਤਬਾ ਨਾਲ ਵੀ ਮੁਲਾਕਾਤ ਕੀਤੀ।
ਜੈਸ਼ੰਕਰ 19 ਅਤੇ 20 ਜਨਵਰੀ ਨੂੰ ਯੂਗਾਂਡਾ ''ਚ ਹੋਣ ਵਾਲੇ ਗੁੱਟ-ਨਿਰਲੇਪ ਦੇਸਾਂ ਦੇ ਸੰਮੇਲਨ ''ਚ ਈਰਾਨ ਦੇ ਵਿਦੇਸ਼ ਮੰਤਰੀ ਨਾਲ ਇੱਕ ਵਾਰ ਫਿਰ ਮੁਲਾਕਾਤ ਕਰਨਗੇ।
ਅੰਗਰੇਜ਼ੀ ਅਖਬਾਰ ਦਿ ਹਿੰਦੂ ਮੁਤਾਬਕ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਵੀ ਜਲਦ ਹੀ ਭਾਰਤ ਆਉਣ ਵਾਲੇ ਹਨ ਜਿੱਥੇ ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਮਿਲਣਗੇ।
ਇਸ ਤੋਂ ਪਤਾ ਚੱਲਦਾ ਹੈ ਕਿ ਈਰਾਨ ਅਤੇ ਭਾਰਤ ਵਿਚਾਲੇ ਕੂਟਨੀਤਕ ਬੈਠਕਾਂ ਵਧ ਰਹੀਆਂ ਹਨ।
ਪੱਛਮੀ ਏਸ਼ੀਆ ''ਚ ਜਦੋਂ ਗਾਜ਼ਾ ''ਚ ਇਜ਼ਰਾਈਲ ਦੀ ਜੰਗ, ਯਮਨ ''ਚ ਹੂਤੀ ਬਾਗੀਆਂ ''ਤੇ ਹਮਲੇ ਅਤੇ ਲਾਲ ਸਾਗਰ ''ਚ ਹੂਤੀ ਬਾਗੀਆਂ ਦੇ ਹਮਲੇ ਕਾਰਨ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਰਿਹਾ ਹੈ ਤਾਂ ਭਾਰਤ ਨੇ ਈਰਾਨ ਦਾ ਸਮਰਥਨ ਕੀਤਾ ਹੈ।
ਭਾਰਤ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਅਬਦੁਲ ਬਾਸਿਤ ਨੇ ਇਸ ਪੂਰੇ ਮਾਮਲੇ ''ਤੇ ਟਵੀਟ ਕਰਕੇ ਕਿਹਾ ਹੈ, ''''ਮੁਸਲਿਮ ਦੁਨੀਆ ''ਚ ਵੰਡ ਦਾ ਵੱਡਾ ਕਾਰਨ ਈਰਾਨ ਹੈ। ਪਾਕਿਸਤਾਨ ਨੂੰ ਅਲੱਗ-ਥਲੱਗ ਕਰਕੇ ਕੁਝ ਹਾਸਲ ਨਹੀਂ ਹੋਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਰਾਮ ਮੰਦਰ ਦੀ ਮੂਰਤੀ ਸਥਾਪਨਾ ਮੋਦੀ ਤੋਂ ਕਰਵਾਉਣ ਬਾਰੇ ਸ਼ੰਕਰਾਚਾਰਿਆ ਨੇ ਇਹ ਸਵਾਲ ਖੜ੍ਹੇ ਕੀਤੇ ਹਨ
NEXT STORY