ਅਯੁੱਧਿਆ ''ਚ ਉਸਾਰੀ ਅਧੀਨ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣੀ ਹੈ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ।
ਰਾਮ ਮੰਦਰ ਕਮੇਟੀ, ਜੋ ਕਿ ਮੰਦਰ ਦੀ ਉਸਾਰੀ ਕਾਰਜ ਦੀ ਨਿਗਰਾਨੀ ਕਰ ਰਹੀ ਹੈ, ਉਸ ਨੇ ਇਸ ਵਿਸ਼ਾਲ ਸਮਾਗਮ ਵਿੱਚ ਸ਼ਾਮਲ ਹੋਣ ਲਈ 4,000 ਲੋਕਾਂ ਤੋਂ ਇਲਾਵਾ 7,000 ਸੰਤਾਂ-ਮਹਾਂਪੁਰਸ਼ਾਂ ਨੂੰ ਸੱਦਾ ਦਿੱਤਾ ਹੈ।
70 ਏਕੜ ਦੇ ਰਾਮ ਮੰਦਰ ਕੰਪਲੈਕਸ ਦੇ ਬਿਲਕੁਲ ਪਿੱਛੇ ਇੱਕ ਮੁਹੱਲਾ ਹੈ, ਕਟਰਾ। ਇੱਥੇ ਇੱਕ ਛੋਟੇ ਜਿਹੇ ਘਰ ਵਿੱਚ ਚਾਰ ਜੀਆਂ ਦਾ ਇੱਕ ਪਰਿਵਾਰ ਦਿਨ-ਰਾਤ ਕੰਮ ਵਿੱਚ ਰੁੱਝਿਆ ਹੋਇਆ ਹੈ ਕਿਉਂਕਿ ਪ੍ਰਾਣ ਪ੍ਰਤਿਸ਼ਠਾ ਦੀ ਤਾਰੀਖ਼ ਨੇੜੇ ਆ ਰਹੀ ਹੈ।
ਇਸ ਘਰ ਵਿੱਚ ਕਈ ਪੀੜ੍ਹੀਆਂ ਤੋਂ ਮਠਿਆਈ ਦੇ ਡੱਬੇ ਬਣਦੇ ਰਹੇ ਹਨ। ਇੱਥੋਂ ਉਨ੍ਹਾਂ ਨੂੰ ਮਠਿਆਈ ਦੀਆਂ ਦੁਕਾਨਾਂ ''ਤੇ ਭੇਜਿਆ ਜਾਵੇਗਾ, ਜਿੱਥੋਂ ਇਨ੍ਹਾਂ ਵਿੱਚ ਪ੍ਰਸ਼ਾਦ ਖਰੀਦਿਆ ਅਤੇ ਚੜ੍ਹਾਇਆ ਜਾਵੇਗਾ।
ਡੱਬਾ ਕਾਰੀਗਰ ਫੂਲ ਜਹਾਂ ਸਿਰਫ 9 ਸਾਲ ਦੀ ਸੀ, ਜਦੋਂ 7 ਦਸੰਬਰ 1992 ਨੂੰ ਹਿੰਸਕ ਭੀੜ ਨੇ ਉਸਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਉਸਦੇ ਪਿਤਾ ਫਤਿਹ ਮੁਹੰਮਦ ਦਾ ਕਤਲ ਕਰ ਦਿੱਤਾ ਸੀ।
ਉਸ ਦਿਨ ਨੂੰ ਯਾਦ ਕਰਕੇ ਫੂਲਜਹਾਂ ਅੱਜ ਵੀ ਭਾਵੁਕ ਹੋ ਜਾਂਦੀ ਹੈ।
ਉਸਨੇ ਕਿਹਾ, “ਸਾਡੇ ਪਿਤਾ ਇੱਕ ਸਿੱਧੇ ਜਿਹੇ ਵਿਅਕਤੀ ਸਨ ਜੋ ਮੰਦਰਾਂ ਲਈ ਮਠਿਆਈ ਦੇ ਡੱਬੇ ਬਣਾਉਂਦੇ ਸਨ। ਉਸ ਨੂੰ ਬਾਹਰਲੇ ਲੋਕਾਂ ਨੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਅਸੀਂ ਬਹੁਤ ਪਰੇਸ਼ਾਨੀ ਵਿੱਚ ਰਹੇ।"
"ਫਿਲਹਾਲ, ਅਸੀਂ ਅਯੁੱਧਿਆ ਵਿੱਚ ਸਕੂਨ ਨਾਲ ਹਾਂ, ਕੋਈ ਸਮੱਸਿਆ ਨਹੀਂ ਹੈ। ਜਦੋਂ ਅਸੀਂ ਇੰਨੀ ਵੱਡੀ ਮੰਜ਼ਿਲ ਪਾਰ ਕਰ ਲਈ ਤਾਂ ਭਵਿੱਖ ਵਿੱਚ ਜੋ ਕੁਝ ਹੋਵੇਗਾ, ਉਹ ਦੇਖਿਆ ਜਾਵੇਗਾ। ਮਨ ਡਰਿਆ ਰਹੇਗਾ ਕਿ ਕਿਤੇ ਅਯੁੱਧਿਆ ਵਿੱਚ ਕੁਝ ਹੋ ਨਾ ਜਾਵੇ, ਪਰ ਫਿਲਹਾਲ ਸਭ ਕੁਝ ਠੀਕ ਹੀ ਹੈ।"
ਫੂਲਜਹਾਂ ਦੇ ਘਰ ਤੋਂ ਮਹਿਜ਼ 50 ਮੀਟਰ ਦੀ ਦੂਰੀ ''ਤੇ ਹਫੀਜ਼-ਉਰ-ਰਹਿਮਾਨ ਰਹਿੰਦੇ ਹਨ। ਉਨ੍ਹਾਂ ਨੇ 31 ਸਾਲ ਪਹਿਲਾਂ ਹੋਏ ਦੰਗਿਆਂ ਦੌਰਾਨ ਇਕ ਹਿੰਦੂ ਪਰਿਵਾਰ ਕੋਲ ਪਨਾਹ ਲੈ ਕੇ ਆਪਣੀ ਜਾਨ ਬਚਾਈ ਸੀ।
ਦੰਗਿਆਂ ਵਿੱਚ ਆਪਣੇ ਤਾਏ ਅਤੇ ਵੱਡੇ ਭਰਾ ਨੂੰ ਗੁਆਉਣ ਵਾਲੇ ਹਫੀਜ਼-ਉਰ-ਰਹਿਮਾਨ ਅਨੁਸਾਰ, "ਉਸ ਹਾਦਸੇ ਤੋਂ ਬਾਅਦ, ਤਾਂ ਇੱਥੇ ਅਮਨ-ਚੈਨ ਰਿਹਾ ਹੈ, ਪਰ ਜਦੋਂ ਵੀ ਅਯੁੱਧਿਆ ਵਿੱਚ ਕੋਈ ਵੱਡਾ ਪ੍ਰੋਗਰਾਮ ਹੁੰਦਾ ਹੈ ਅਤੇ ਲੱਖਾਂ ਲੋਕ ਆਉਂਦੇ ਹਨ ਤਾਂ ਅਸੀਂ ਸਹਿਮ ਜਾਂਦੇ ਹਾਂ। ਇਸ ਵਾਰ ਵੀ ਡਰੇ ਹੋਏ ਹਾਂ। ਉਮੀਦ ਹੈ ਕਿ ਸਭ ਸ਼ਾਂਤ ਰਹੇ।”
16ਵੀਂ ਸਦੀ ਵਿੱਚ ਬਣੀ ਬਾਬਰੀ ਮਸਜਿਦ ਨੂੰ 1992 ਵਿੱਚ ਢਾਹ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਅਯੁੱਧਿਆ ਸਮੇਤ ਦੇਸ਼ ਦੇ ਕਈ ਹਿੱਸਿਆਂ ''ਚ ਹੋਏ ਦੰਗਿਆਂ ਵਿੱਚ ਕਰੀਬ 2000 ਲੋਕਾਂ ਦੀ ਮੌਤ ਹੋ ਗਈ ਸੀ।
ਫਿਰ ਹਿੰਦੂ ਪੱਖ ਅਤੇ ਮੁਸਲਿਮ ਪੱਖ ਵਿਚਕਾਰ ਪਹਿਲਾਂ ਇਲਾਹਾਬਾਦ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਲੰਮੀ ਕਾਨੂੰਨੀ ਲੜਾਈ ਚੱਲੀ।
ਲੰਬੀ ਕਨੂੰਨੀ ਲੜਾਈ
ਹਿੰਦੂ ਸੰਗਠਨਾਂ ਦਾ ਮੰਨਣਾ ਰਿਹਾ ਹੈ ਕਿ ਬਾਬਰੀ ਮਸਜਿਦ ਅਸਲ ਵਿੱਚ ਰਾਮ ਦੀ ਜਨਮ ਭੂਮੀ ਹੈ ਅਤੇ ਇੱਕ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।
ਆਖ਼ਰਕਾਰ, ਸੁਪਰੀਮ ਕੋਰਟ (ਪੰਜ ਜੱਜਾਂ ਦੀ ਸੰਵਿਧਾਨਕ ਬੈਂਚ) ਨੇ 2019 ਦੇ ਆਪਣੇ ਇਤਿਹਾਸਕ ਫੈਸਲੇ ਵਿੱਚ, "ਬਾਬਰੀ ਮਸਜਿਦ ਨੂੰ ਗੈਰ-ਕਾਨੂੰਨੀ ਢੰਗ ਨਾਲ ਢਾਹਿਆ ਗਿਆ" ਕਿਹਾ, ਇਹ ਵੀ ਤੈਅ ਕੀਤਾ ਕਿ ਅਯੁੱਧਿਆ ਦੀ ਬਾਬਰੀ ਮਸਜਿਦ ਦੀ ਜ਼ਮੀਨ ਉੱਤੇ ਮੰਦਰ ਬਣਾਇਆ ਜਾਵੇਗਾ।
ਅਦਾਲਤ ਦੇ ਹੁਕਮਾਂ ''ਤੇ ਅਯੁੱਧਿਆ ਤੋਂ ਕਰੀਬ 20 ਕਿਲੋਮੀਟਰ ਦੂਰ ਧਨੀਪੁਰ ਵਿੱਚ ਨਵੀਂ ਮਸਜਿਦ ਲਈ ਵੀ ਥਾਂ ਤੈਅ ਕੀਤੀ ਗਈ ਹੈ।
ਅਸਲੀਅਤ ਇਹ ਵੀ ਹੈ ਕਿ ਰਾਮ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਦਰਜਨ ਦੇ ਕਰੀਬ ਮਸਜਿਦਾਂ, ਮਦਰੱਸੇ ਅਤੇ ਮਕਬਰੇ ਹਨ, ਜਿੱਥੇ ਸਦੀਆਂ ਤੋਂ ਪੂਜਾ-ਅਰਚਨਾ ਅਤੇ ਨਮਾਜ਼ ਨਾਲੋ-ਨਾਲ ਹੁੰਦੀ ਆ ਰਹੀ ਹੈ।
ਇਨ੍ਹਾਂ ਵਿੱਚੋਂ ਪ੍ਰਮੁੱਖ ਹਨ, ਤਹਿਰੀਬਾਜ਼ਾਰ ਜੋਗੀਆਂ ਦੀ ਮਸਜਿਦ, ਖਾਨਖਾਹੇ ਮੁਜ਼ੱਫਰੀਆ, ਮਸਜਿਦ ਦੋਰਾਹੀ ਕੂਆਂ, ਮਸਜਿਦ ਕਾਜ਼ੀਆਨਾ, ਮਸਜਿਦ ਬਦਰ ਪੰਜੀਟੋਲਾ, ਮਸਜਿਦ ਮਦਾਰ ਸ਼ਾਹ ਅਤੇ ਮਸਜਿਦ ਇਮਾਮਵਾੜਾ।
ਅਯੁੱਧਿਆ ਦੇ ਮੁਸਲਮਾਨ
ਕਰੀਬ 30 ਲੱਖ ਦੀ ਆਬਾਦੀ ਵਾਲੇ ਅਯੁੱਧਿਆ ਜ਼ਿਲ੍ਹੇ ਵਿੱਚ ਪੰਜ ਲੱਖ ਮੁਸਲਮਾਨ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਪੰਜ ਹਜ਼ਾਰ ਦੇ ਕਰੀਬ ਨਵੇਂ ਰਾਮ ਮੰਦਰ ਦੇ ਆਸ-ਪਾਸ ਰਹਿੰਦੇ ਆਏ ਹਨ।
ਅੰਦਾਜ਼ਾ ਹੈ ਕਿ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਹਰ ਮਹੀਨੇ ਰਾਮ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 25-30 ਲੱਖ ਹੋ ਸਕਦੀ ਹੈ।
ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕਾਂ ਦੇ ਮਨਾਂ ਵਿੱਚ ਵੀ ਪੁਰਾਣੇ ਨੁਕਸਾਨ ਨੂੰ ਯਾਦ ਕਰਕੇ ਬੇਚੈਨੀ ਹੈ।
ਮੁਹੰਮਦ ਖਾਲਿਕ ਖਾਨ ਦੀ ਅਯੁੱਧਿਆ ਦੇ ਨਾਲ ਲੱਗਦੇ ਫੈਜ਼ਾਬਾਦ ਕਸਬੇ ਵਿੱਚ ਸਟੇਸ਼ਨਰੀ ਦੀ ਦੁਕਾਨ ਹੈ। ਉਨ੍ਹਾਂ ਦੀਆਂ ਕਈ ਪੀੜ੍ਹੀਆਂ ਇੱਥੇ ਰਹਿ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ, ''''ਅੱਠ-ਦਸ ਦਿਨ ਪਹਿਲਾਂ ਹੀ ਕੁਝ ਲੋਕ ਅਯੁੱਧਿਆ ਤੋਂ ਟਾਟਸ਼ਾਹ ਮਸਜਿਦ ''ਚ ਇਹ ਦੱਸਣ ਆਏ ਸਨ ਕਿ ਅਸੀਂ ਘਰ ਛੱਡ ਕੇ ਜਾ ਰਹੇ ਹਾਂ ਕਿਉਂਕਿ ਉੱਥੇ ਕਾਫੀ ਭੀੜ ਹੋਵੇਗੀ। ਇੱਥੋਂ ਦੇ ਉਲੇਮਾ ਲੋਕਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਛੱਡ ਕੇ ਨਾ ਜਾਓ, ਅਸੀਂ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਾਂ। ਇਸ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਨੇ ਵੀ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ ਕਿ ਅਯੁੱਧਿਆ ਨਾ ਛੱਡੋ, ਅਸੀਂ ਤੁਹਾਡੀ ਰੱਖਿਆ ਕਰਾਂਗੇ।
ਅਜਿਹੀਆਂ ਖ਼ਬਰਾਂ ਹਨ ਕਿ "ਅਯੁੱਧਿਆ ਦੇ ਬਹੁਤ ਸਾਰੇ ਮੁਸਲਿਮ ਪਰਿਵਾਰ ਆਉਣ ਵਾਲੇ ਪ੍ਰਾਣ ਪ੍ਰਤਿਸ਼ਠਾ ਤੋਂ ਕੁਝ ਦਿਨਾਂ ਲਈ ਬਾਹਰ ਜਾ ਰਹੇ ਹਨ।"
ਸਥਾਨਕ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੇ ਜ਼ੋਰ ਦਿੱਤਾ ਹੈ ਕਿ ਇਸ ਸਮਾਗਮ ਅਤੇ ਉਸ ਤੋਂ ਬਾਅਦ ਦੇ ਸੁਰੱਖਿਆ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਭਾਜਪਾ ਸੰਸਦ ਮੈਂਬਰ ਦਾ ਭਰੋਸਾ
ਅਯੁੱਧਿਆ ਤੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਲੱਲੂ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਹਰ ਕਿਸੇ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਘੱਟ ਗਿਣਤੀ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਚਿੰਤਾ ਕਰਨ ਜਾਂ ਡਰਨ ਦੀ ਲੋੜ ਨਹੀਂ ਹੈ।"
ਉਨ੍ਹਾਂ ਕਿਹਾ, “ਉਹ ਅਯੁੱਧਿਆ ਦੇ ਹੋਰ ਨਾਗਰਿਕਾਂ ਵਾਂਗ ਹੀ ਰਹਿੰਦੇ ਹਨ ਅਤੇ ਅਸੀਂ ਆਪਸੀ ਭਾਈਚਾਰਾ ਬਣਾਈ ਰੱਖਦੇ ਹਾਂ। ਸਾਡੇ ਪ੍ਰਧਾਨ ਮੰਤਰੀ ਜੋ ਵੀ ਵਿਕਾਸ ਕਾਰਜ ਕਰ ਰਹੇ ਹਨ, ਉਹ ਸਾਰਿਆਂ ਲਈ ਕਰ ਰਹੇ ਹਨ। ਇਸ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਧਰਮ ਨੂੰ ਵੱਧ ਮਿਲਿਆ ਜਾਂ ਇਸ ਧਰਮ ਨੂੰ ਘੱਟ। ਸਾਡੀ ਸੰਸਥਾ ਨੇ ਸਾਨੂੰ ਕਦੇ ਵੀ ਕਿਸੇ ਤੋਂ ਦੂਰੀ ਬਣਾਈ ਰੱਖਣ ਲਈ ਨਹੀਂ ਕਿਹਾ ਕਿਉਂਕਿ ਸਾਰੇ ਹੀ ਭਾਰਤ ਦੇ ਨਾਗਰਿਕ ਹਨ।”
ਵੈਸੇ, ਅਸੀਂ ਕੁਝ ਹਫ਼ਤੇ ਪਹਿਲਾਂ ਰਾਮ ਮੰਦਿਰ ਤੋਂ ਸਿਰਫ਼ 100 ਮੀਟਰ ਦੀ ਦੂਰੀ ''ਤੇ ਬਣੇ ਇਕ ਵੱਡੇ ਮਦਰੱਸੇ ਵਿੱਚ ਗਏ ਸੀ, ਜਿੱਥੇ ਸਾਡੀ ਹਾਜੀ ਹਾਫਿਜ਼ ਸਈਅਦ ਏਖਲਾਕ ਨਾਲ ਗੱਲਬਾਤ ਹੋਈ ਸੀ।
ਉਸ ਸਮੇਂ ਉਹਨਾਂ ਨੇ ਕਿਹਾ ਸੀ, “ਇਸ ਕੰਪਲੈਕਸ ਦੇ ਆਸ-ਪਾਸ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਬਹੁਤ ਜ਼ਮੀਨਾਂ ਹਨ ਅਤੇ ਕੁਝ ਲੋਕ ਦੁਚਿੱਤੀ ਵਿਚ ਹਨ ਕਿ ਉਨ੍ਹਾਂ ਨੂੰ ਇੱਥੇ ਕਿੰਨਾ ਸਮਾਂ ਰਹਿਣਾ ਚਾਹੀਦਾ ਹੈ।”
ਜਦੋਂ ਅਸੀਂ ਵੀਰਵਾਰ ਨੂੰ ਦੁਬਾਰਾ ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਗੇਟ ਤੋਂ ਸਾਨੂੰ ਵਾਪਸ ਕਰਦੇ ਹੋਏ ਇਕ ਕਰਮਚਾਰੀ ਨੇ ਕਿਹਾ, "ਹਾਜੀ ਸਾਹਬ ਮੀਡੀਆ ਨਾਲ ਗੱਲ ਨਹੀਂ ਕਰਨਗੇ।"
ਗੰਗਾ-ਯਮੁਨੀ ਸੱਭਿਆਚਾਰ
ਫਿਰ ਸਾਡੀ ਮੁਲਾਕਾਤ ਅਯੁੱਧਿਆ ਵਿੱਚ ਸੁੰਨੀ ਸੈਂਟਰਲ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਆਜ਼ਮ ਕਾਦਰੀ ਨਾਲ ਹੋਈ। ਉਨ੍ਹਾਂ ਨੇ ਕਿਹਾ, "ਅਯੁੱਧਿਆ ਵਿੱਚ ਘੱਟ ਗਿਣਤੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਘੱਟ ਪੁੱਛਿਆ ਜਾ ਰਿਹਾ ਹੈ।"
ਉਨ੍ਹਾਂ ਕਿਹਾ, ''''ਜੇਕਰ ਸਾਡੇ ਵੀ ਧਾਰਮਿਕ ਸਥਾਨਾਂ ਦੀ ਮੁਰੰਮਤ ਕੀਤੀ ਗਈ ਹੁੰਦੀ ਤਾਂ ਅਸੀਂ ਵੀ ਖੁਸ਼ ਹੁੰਦੇ ਅਤੇ ਇਸ ਗੰਗਾ-ਯਮੁਨੀ ਸੰਸਕ੍ਰਿਤੀ ਨੂੰ ਇਹ ਕਹਿ ਕੇ ਵਧਾਇਆ ਜਾਂਦਾ ਕਿ ਹਾਂ, ਪ੍ਰਧਾਨ ਮੰਤਰੀ ਕਿਸੇ ਇਕ ਦਾ ਨਹੀਂ, ਸਾਰੇ ਭਾਈਚਾਰਿਆਂ ਦਾ ਹੈ।''''
“ਇਥੋਂ ਦਾ ਭਾਈਚਾਰਾ ਕਿਸੇ ਵੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਅਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਰਾਜਨੀਤੀ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਜੋ ਅਸੀਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਲੜਾਈ ਦਾ ਕੋਈ ਕੰਮ ਕਰ ਸਕੀਏ ਜਾਂ ਕੋਈ ਸਾਡੇ ''ਤੇ ਰਾਜਨੀਤੀ ਕਰ ਸਕੇ। ਇੱਥੇ ਜੋ ਚੀਜ਼ਾਂ ਹਨ, ਉਹ ਸੁਰੱਖਿਅਤ ਰਹਿਣੀਆਂ ਚਾਹੀਦੀਆਂ ਹਨ, ਇਹੀ ਇੱਥੇ ਦੇ ਲੋਕ ਚਾਹੁੰਦੇ ਹਨ।
ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਰਾਮ ਮੰਦਰ ਨੂੰ ਤਿਆਰ ਹੋਣ ਵਿੱਚ ਦੋ ਸਾਲ ਲੱਗ ਸਕਦੇ ਹਨ।
ਉਸਾਰੀ ਦਾ ਕੰਮ ਚੌਵੀ ਘੰਟੇ ਚੱਲ ਰਿਹਾ ਹੈ ਅਤੇ ਸ਼ਰਧਾਲੂਆਂ ਦੀ ਆਮਦ ਵੀ ਵੱਧ ਰਹੀ ਹੈ।
ਚੌਂਕ ਇਮਾਮਬਾੜਾ ਦੇ ਕੋਲ ਰਹਿਣ ਵਾਲੇ ਹਾਮਿਦ ਜਾਫਰ ਮੀਸਮ ਅਯੁੱਧਿਆ ਦੀ ਸ਼ੀਆ ਵਕਫ ਕਮੇਟੀ ਦੇ ਪ੍ਰਧਾਨ ਹਨ ਅਤੇ ਕਹਿੰਦੇ ਹਨ, “ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਤਾਂ ਇਸ ''ਤੇ ਕਿਸੇ ਵੀ ਤਰ੍ਹਾਂ ਨਾਲ ਕੋਈ ਵਿਵਾਦ ਨਹੀਂ ਹੈ। ਧੰਨੀਪੁਰ ''ਚ ਮਸਜਿਦ ਵੀ ਬਣ ਰਹੀ ਹੈ ਤੇ ਮੰਦਿਰ ਵੀ ਬਣ ਰਿਹਾ ਹੈ, ਮੁਸਲਮਾਨਾਂ ਨੂੰ ਇਸ ''ਤੇ ਕਿਤੇ ਵੀ ਕੋਈ ਇਤਰਾਜ਼ ਨਹੀਂ ਹੈ।
“ਪਰ 22 ਜਨਵਰੀ ਦੇ ਮੌਕੇ ''ਤੇ, ਕੁਝ ਮੀਡੀਆ ਵਾਲੇ ਇੱਥੇ ਮੁਸਲਮਾਨਾਂ ਨੂੰ ਪੁੱਛ ਰਹੇ ਹਨ ਕਿ ਉਹ 22 ਜਨਵਰੀ ਨੂੰ ਕੀ ਕਰਨਗੇ। ਹੇ ਭਾਈ, 22 ਤਰੀਕ ਨੂੰ ਵੀ ਉਹੀ ਕੁਝ ਕਰਨਗੇ ਜੋ 21 ਨੂੰ ਕਰ ਰਹੇ ਸਨ।''''
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਨਸ਼ੇ ਦੇ ਵਪਾਰ ’ਤੇ ਦੋ ਦਹਾਕੇ ਰਾਜ ਕਰਨ ਵਾਲੀ ਮਾਫ਼ੀਆ ਜਿਸ ਨੇ ਆਪਣੇ ਤਿੰਨ ਪਤੀ ਕਤਲ ਕਰਵਾਏ
NEXT STORY