ਕੁਝ ਦਿਨ ਪਹਿਲਾਂ ਏਅਰ ਇੰਡੀਆ ਦਾ ਇਕ 28 ਸਾਲਾ ਪਾਇਲਟ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਤੁਰੰਤ ਬਾਅਦ ਬੀਮਾਰ ਹੋ ਗਿਆ ਅਤੇ ਕੁਝ ਹੀ ਪਲਾਂ ਵਿਚ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪਾਇਲਟ ਦੇ ਰਿਸ਼ਤੇਦਾਰ ਇਸ ਦਾ ਕਾਰਨ ਡਾਕਟਰੀ ਇਲਾਜ ਵਿਚ ਦੇਰੀ ਦੱਸ ਰਹੇ ਹਨ। ਜਦੋਂ ਕਿ ਹਵਾਈ ਅੱਡਾ ਅਥਾਰਟੀ ਅਤੇ ਏਅਰਲਾਈਨ ਇਸ ਤੋਂ ਇਨਕਾਰ ਕਰ ਰਹੇ ਹਨ। ਮੌਤ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਏਅਰਲਾਈਨ ਪਾਇਲਟਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਨ੍ਹਾਂ ਵਿਚੋਂ ਸਭ ਤੋਂ ਵੱਡੀ ਚੁਣੌਤੀ ਪਾਇਲਟਾਂ ਦੀ ਥਕਾਵਟ ਅਤੇ ਤਣਾਅ ਹੈ, ਜੋ ਨਾ ਸਿਰਫ਼ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਜਹਾਜ਼ ਦੀ ਸੁਰੱਖਿਆ ਨੂੰ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਹਾਲ ਹੀ ਦੇ ਸਾਲਾਂ ਵਿਚ ਤਣਾਅ ਅਤੇ ਥਕਾਵਟ ਕਾਰਨ ਪਾਇਲਟਾਂ ਦੀ ਮੌਤ ਅਤੇ ਜਹਾਜ਼ ਹਾਦਸਿਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇਸ ਮੁੱਦੇ ’ਤੇ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ।
ਪਾਇਲਟ ਦੀ ਥਕਾਵਟ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਇਕ ਪਾਇਲਟ ਲੰਮੇ ਸਮੇਂ ਤੱਕ ਕੰਮ ਕਰਨ ਦੀ ਅਨਿਯਮਿਤ ਕਾਰਜ ਸੂਚੀ, ਨੀਂਦ ਦੀ ਘਾਟ ਅਤੇ ਮਾਨਸਿਕ ਦਬਾਅ ਕਾਰਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਥੱਕ ਜਾਂਦੇ ਹਨ। ਏਵੀਏਸ਼ਨ (ਹਵਾਬਾਜ਼ੀ) ਵਿਚ ਪਾਇਲਟਾਂ ਨੂੰ ਅਕਸਰ ਲੰਬੀਆਂ ਉਡਾਣਾਂ, ਰਾਤ ਦੀ ਡਿਊਟੀ ਅਤੇ ਵੱਖ-ਵੱਖ ਸਮਾਂ ਖੇਤਰਾਂ (ਟਾਈਮ ਜ਼ੋਨਜ਼) ’ਚ ਕੰਮ ਕਰਨਾ ਪੈਂਦਾ ਹੈ। ਇਹ ਉਨ੍ਹਾਂ ਦੀ ਜੈਵਿਕ ਘੜੀ (ਸਰਕੇਡੀਅਨ ਰਿਦਮ) ਵਿਚ ਵਿਘਨ ਪਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਨੀਂਦ ਦੀ ਕਮੀ, ਇਕਾਗਰਤਾ ਵਿਚ ਕਮੀ ਅਤੇ ਫੈਸਲਾ ਲੈਣ ਦੀ ਸਮਰੱਥਾ ਵਿਚ ਕਮੀ ਆਉਂਦੀ ਹੈ। ਥਕਾਵਟ ਸਿਰਫ਼ ਸਰੀਰਕ ਥਕਾਵਟ ਤੱਕ ਸੀਮਤ ਨਹੀਂ ਹੈ। ਇਹ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਥਕਾਵਟ ਦੇ ਕਾਰਨ, ਪਾਇਲਟਾਂ ਵਿਚ ਚਿੜਚਿੜਾਪਨ, ਤਣਾਅ ਅਤੇ ਉਦਾਸੀ ਵਰਗੇ ਲੱਛਣ ਦੇਖੇ ਜਾ ਸਕਦੇ ਹਨ। ਗੰਭੀਰ ਮਾਮਲਿਆਂ ਵਿਚ, ਇਹ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਜੋ ਅੰਤ ਵਿਚ ਮੌਤ ਦਾ ਕਾਰਨ ਬਣ ਸਕਦਾ ਹੈ। ਤਣਾਅ ਅਤੇ ਥਕਾਵਟ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਕਈ ਪਾਇਲਟਾਂ ਦੀ ਮੌਤ ਹੋ ਗਈ ਹੈ।
ਕਈ ਵਾਰ ਪਾਇਲਟਾਂ ਨੂੰ ਆਪਣੀਆਂ ਸਿਹਤ ਸਮੱਸਿਆਵਾਂ ਨੂੰ ਲੁਕਾਉਣ ਲਈ ਦਬਾਅ ਮਹਿਸੂਸ ਹੁੰਦਾ ਹੈ ਕਿਉਂਕਿ ਸਿਹਤ ਸਮੱਸਿਆਵਾਂ ਉਨ੍ਹਾਂ ਦੀਆਂ ਨੌਕਰੀਆਂ ਨੂੰ ਖਤਰੇ ਵਿਚ ਪਾ ਸਕਦੀਆਂ ਹਨ। ਇਸ ਡਰ ਕਾਰਨ ਉਹ ਸਮੇਂ ਸਿਰ ਇਲਾਜ ਨਹੀਂ ਕਰਵਾਉਂਦੇ ਜਿਸ ਦੇ ਨਤੀਜੇ ਵਜੋਂ ਹਾਲਤ ਹੋਰ ਗੰਭੀਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਵਾਬਾਜ਼ੀ ਖੇਤਰ ਵਿਚ ਸਖ਼ਤ ਮੁਕਾਬਲੇ ਅਤੇ ਆਰਥਿਕ ਦਬਾਅ ਕਾਰਨ ਪਾਇਲਟਾਂ ’ਤੇ ਹੋਰ ਉਡਾਣਾਂ ਭਰਨ ਦਾ ਦਬਾਅ ਵੀ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਥਕਾਵਟ ਅਤੇ ਤਣਾਅ ਹੋਰ ਵੀ ਵਧ ਜਾਂਦਾ ਹੈ।
ਪਾਇਲਟਾਂ ਨੂੰ ਅਕਸਰ 12-14 ਘੰਟੇ ਜਾਂ ਇਸ ਤੋਂ ਵੱਧ ਸਮੇਂ ਤੱਕ ਡਿਊਟੀ ਕਰਨੀ ਪੈਂਦੀ ਹੈ। ਰਾਤ ਦੀਆਂ ਉਡਾਣਾਂ ਅਤੇ ਵਾਰ-ਵਾਰ ਸਮਾਂ ਜ਼ੋਨ ਬਦਲਣ ਨਾਲ ਉਨ੍ਹਾਂ ਦੀ ਨੀਂਦ ਦੇ ਪੈਟਰਨ ਵਿਚ ਵਿਘਨ ਪੈਂਦਾ ਹੈ। ਜੈੱਟ ਲੈੱਗ (ਥਕਾਵਟ) ਅਤੇ ਅਨਿਯਮਿਤ ਨੀਂਦ ਕਾਰਨ ਪਾਇਲਟਾਂ ਨੂੰ ਢੁੱਕਵਾਂ ਆਰਾਮ ਨਹੀਂ ਮਿਲਦਾ। ਇਹ ਉਨ੍ਹਾਂ ਦੀ ਇਕਾਗਰਤਾ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਯਾਤਰੀਆਂ ਦੀ ਸੁਰੱਖਿਆ ਦੀ ਵੱਡੀ ਜ਼ਿੰਮੇਵਾਰੀ ਪਾਇਲਟਾਂ ’ਤੇ ਹੁੰਦੀ ਹੈ। ਖਰਾਬ ਮੌਸਮ, ਤਕਨੀਕੀ ਸਮੱਸਿਆਵਾਂ ਅਤੇ ਸਮੇਂ ਦੀ ਘਾਟ ਵਰਗੇ ਕਾਰਕ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੇ ਹਨ। ਬਹੁਤ ਸਾਰੇ ਪਾਇਲਟਾਂ ਨੂੰ ਘੱਟ ਤਨਖਾਹ ਅਤੇ ਨੌਕਰੀ ਦੀ ਅਨਿਸ਼ਚਿਤਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਖਾਸ ਕਰ ਕੇ ਘੱਟ ਲਾਗਤ ਵਾਲੀਆਂ ਏਅਰਲਾਈਨਾਂ ਵਿਚ।
ਇਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਲੰਬੀਆਂ ਉਡਾਣਾਂ ਅਤੇ ਅਨਿਯਮਿਤ ਸ਼ਡਿਊਲ ਕਾਰਨ, ਪਾਇਲਟ ਆਪਣੇ ਪਰਿਵਾਰਾਂ ਨਾਲ ਸਮਾਂ ਨਹੀਂ ਬਿਤਾ ਸਕਦੇ, ਜਿਸ ਨਾਲ ਭਾਵਨਾਤਮਕ ਤਣਾਅ ਵੀ ਵਧਦਾ ਹੈ। ਪਾਇਲਟਾਂ ਦੀ ਥਕਾਵਟ ਨਾ ਸਿਰਫ਼ ਨਿੱਜੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਹਵਾਬਾਜ਼ੀ ਸੁਰੱਖਿਆ ’ਤੇ ਵੀ ਗੰਭੀਰ ਪ੍ਰਭਾਵ ਪਾਉਂਦੀ ਹੈ। ਥਕਾਵਟ ਪਾਇਲਟਾਂ ਦੇ ਪ੍ਰਤੀਕਿਰਿਆ ਸਮੇਂ ਨੂੰ ਹੌਲੀ ਕਰ ਸਕਦੀ ਹੈ, ਜਿਸ ਨਾਲ ਐਮਰਜੈਂਸੀ ਵਿਚ ਗਲਤ ਫੈਸਲੇ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ।
ਦੁਨੀਆ ਭਰ ਵਿਚ ਕਈ ਜਹਾਜ਼ ਹਾਦਸਿਆਂ ਲਈ ਪਾਇਲਟ ਦੀ ਥਕਾਵਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਉਦਾਹਰਣ ਵਜੋਂ, 2009 ਵਿਚ ਕੋਲਗਨ ਏਅਰ ਫਲਾਈਟ 3407 ਹਾਦਸੇ ਵਿਚ ਪਾਇਲਟ ਦੀ ਥਕਾਵਟ ਨੂੰ ਇਕ ਵੱਡਾ ਕਾਰਕ ਮੰਨਿਆ ਗਿਆ ਸੀ। ਪਾਇਲਟ ਦੀ ਥਕਾਵਟ ਅਤੇ ਤਣਾਅ ਨੂੰ ਘਟਾਉਣ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ। ਹਵਾਬਾਜ਼ੀ ਰੈਗੂਲੇਟਰੀ ਸੰਸਥਾਵਾਂ ਨੂੰ ਪਾਇਲਟਾਂ ਦੇ ਡਿਊਟੀ ਸਮੇਂ ਨੂੰ ਸੀਮਤ ਕਰਨਾ ਚਾਹੀਦਾ ਹੈ ਅਤੇ ਢੁੱਕਵਾਂ ਆਰਾਮ ਸਮਾਂ ਯਕੀਨੀ ਬਣਾਉਣਾ ਚਾਹੀਦਾ ਹੈ।
ਉਦਾਹਰਣ ਲਈ, ਭਾਰਤ ਵਿਚ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਪਾਇਲਟਾਂ ਲਈ ਵੱਧ ਤੋਂ ਵੱਧ ਉਡਾਣ ਦੇ ਸਮੇਂ ਅਤੇ ਘੱਟੋ-ਘੱਟ ਆਰਾਮ ਦੇ ਸਮੇਂ ਲਈ ਨਿਯਮ ਬਣਾਏ ਹਨ, ਪਰ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਪਾਇਲਟਾਂ ਨੂੰ ਨਿਯਮਿਤ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ ਜਿਸ ਵਿਚ ਮਾਨਸਿਕ ਸਿਹਤ ਜਾਂਚ ਵੀ ਸ਼ਾਮਲ ਹੋਣੀ ਚਾਹੀਦੀ ਹੈ। ਪਾਇਲਟਾਂ ’ਤੇ ਕੰਮ ਦੇ ਬੋਝ ਨੂੰ ਆਟੋਮੇਟਿਡ ਸਿਸਟਮ ਅਤੇ ਪਾਇਲਟ ਸਹਾਇਤਾ ਪ੍ਰਣਾਲੀਆਂ ਵਰਗੀਆਂ ਉੱਨਤ ਤਕਨੀਕਾਂ ਦੀ ਵਰਤੋਂ ਕਰ ਕੇ ਘਟਾਇਆ ਜਾ ਸਕਦਾ ਹੈ। ਪਾਇਲਟਾਂ ਲਈ ਇਕ ਹੈਲਪਲਾਈਨ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਉਹ ਆਪਣੇ ਤਣਾਅ ਅਤੇ ਸਮੱਸਿਆਵਾਂ ਸਾਂਝੀਆਂ ਕਰ ਸਕਣ।
ਪਾਇਲਟਾਂ ਦੀ ਥਕਾਵਟ ਅਤੇ ਤਣਾਅ ਇਕ ਗੰਭੀਰ ਮੁੱਦਾ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਹਵਾਬਾਜ਼ੀ ਉਦਯੋਗ, ਰੈਗੂਲੇਟਰੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੋਵੇਗੀ। ਇਸ ਸਮੱਸਿਆ ਨੂੰ ਪਾਇਲਟਾਂ ਦੀਆਂ ਕੰਮ ਕਰਨ ਦੀਆਂ ਸਥਿਤੀਆਂ ਵਿਚ ਸੁਧਾਰ, ਨਿਯਮਿਤ ਸਿਹਤ ਜਾਂਚ ਅਤੇ ਤਣਾਅ ਪ੍ਰਬੰਧਨ ਪ੍ਰੋਗਰਾਮਾਂ ਰਾਹੀਂ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਮਾਜ ਨੂੰ ਵੀ ਪਾਇਲਟਾਂ ਦੇ ਯੋਗਦਾਨ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ।
-ਰਜਨੀਸ਼ ਕਪੂਰ
ਕੀ ਹਾਸਲ ਹੋਵੇਗਾ ਵਕਫ ਸੋਧ ਨਾਲ ?
NEXT STORY