ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ 'ਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੋਟਿਸ ਇਸਲਾਮਾਬਾਦ ਵਲੋਂ ਸੰਧੀ ਨੂੰ ਲਾਗੂ ਕਰਨ ਨੂੰ ਲੈ ਕੇ ਆਪਣੇ ਰੁਖ 'ਤੇ ਅੜੇ ਰਹਿਣ ਕਾਰਨ ਜਾਰੀ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਨੋਟਿਸ ਸਿੰਧੂ ਜਲ ਸੰਬੰਧੀ ਕਮਿਸ਼ਨਰਾਂ ਦੇ ਮਾਧਿਅਮ ਨਾਲ 25 ਜਨਵਰੀ ਨੂੰ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪਾਕਸਿਤਾਨ ਨਾਲ ਹੋਈ ਸਿੰਧੂ ਜਲ ਸੰਧੀ ਅਤੇ ਉਸ ਦੀ ਭਾਵਨਾ ਨੂੰ ਲਾਗੂ ਕਰਨ ਦਾ ਭਾਰਤ ਦ੍ਰਿੜ ਸਮਰਥਕ ਅਤੇ ਜ਼ਿੰਮੇਵਾਰ ਸਾਂਝੇਦਾਰ ਰਿਹਾ ਹੈ। ਸੂਤਰਾਂ ਨੇ ਦੱਸਿਆ,''ਪਾਕਿਸਤਾਨ ਦੀਆਂ ਕਾਰਵਾਈਆਂ ਨੇ ਸਿੰਧੂ ਜਲ ਸੰਧੀ ਦੇ ਪ੍ਰਬੰਧਾਂ ਅਤੇ ਇਸ ਨੂੰ ਲਾਗੂ ਕਰਨ 'ਤੇ ਪ੍ਰਤੀਕੂਲ ਪ੍ਰਭਾਵ ਪਾਇਆ ਅਤੇ ਭਾਰਤ ਨੂੰ ਇਸ 'ਚ ਸੋਧ ਲਈ ਉੱਚਿਤ ਨੋਟਿਸ ਜਾਰੀ ਕਰਨ ਲਈ ਮਜ਼ਬੂਰ ਕੀਤਾ।''
ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ 9 ਸਾਲ ਦੀ ਗੱਲਬਾਤ ਤੋਂ ਬਾਅਦ 1960 'ਚ ਸੰਧੀ 'ਤੇ ਦਸਤਖ਼ਤ ਕੀਤੇ ਸਨ। ਵਿਸ਼ਵ ਬੈਂਕ ਵੀ ਇਸ ਸੰਧੀ ਦੇ ਹਸਤਾਖਰਕਾਰਾਂ 'ਚ ਸ਼ਾਮਲ ਸੀ। ਇਸ ਸੰਧੀ ਅਨੁਸਾਰ ਪੂਰਬੀ ਨਦੀਆਂ ਦਾ ਪਾਣੀ, ਕੁਝ ਅਪਵਾਦਾਂ ਨੂੰ ਛੱਡ ਦੇਣ ਤਾਂ ਭਾਰਤ ਬਿਨਾਂ ਰੋਕ-ਟੋਕ ਦੇ ਇਸਤੇਮਾਲ ਕਰ ਸਕਦਾ ਹੈ। ਭਾਰਤ ਨਾਲ ਜੁੜੇ ਪ੍ਰਬੰਧਾਂ ਦੇ ਅਧੀਨ ਰਾਵੀ, ਸਤਲੁਜ ਅਤੇ ਬਿਆਸ ਨਦੀਆਂ ਦੇ ਪਾਣੀ ਦਾ ਇਸਤੇਮਾਲ ਆਵਾਜਾਈ, ਬਿਜਲੀ ਅਤੇ ਖੇਤੀਬਾੜੀ ਲਈ ਕਰਨ ਦਾ ਅਧਿਕਾਰ ਭਾਰਤ ਨੂੰ ਦਿੱਤਾ ਗਿਆ। ਸਾਲ 2015 'ਚ ਪਾਕਿਸਤਾਨ ਨੇ ਭਾਰਤੀ ਕਿਸ਼ਨਗੰਗਾ ਅਤੇ ਰਾਤਲੇ ਪਣਬਿਜਲੀ ਪ੍ਰਾਜੈਕਟਾਂ 'ਤੇ ਤਕਨੀਕੀ ਇਤਰਾਜ਼ ਦੀ ਜਾਂਚ ਲਈ ਇਕ ਨਿਰਪੱਖ ਮਾਹਿਰ ਦੀ ਨਿਯੁਕਤੀ ਕਰਨ ਦੀ ਅਪੀਲ ਕੀਤੀ ਸੀ। ਸਾਲ 2016 'ਚ ਪਾਕਿਸਤਾਨ ਇਸ ਅਪੀਲ ਤੋਂ ਇਕ ਪਾਸੜ ਢੰਗ ਨਾਲ ਪਿੱਛੇ ਹਟ ਗਿਆ ਅਤੇ ਇਨ੍ਹਾਂ ਇਤਰਾਜ਼ ਨੂੰ ਵਿਚੋਲਗੀ ਕਦਮ ਸੰਧੀ ਦੀ ਧਾਰਾ 9 'ਚ ਵਿਵਾਦਾਂ ਦੇ ਨਿਪਟਾਰੇ ਲਈ ਬਣਾਏ ਗਏ ਤੰਤਰ ਦੀ ਉਲੰਘਣਾ ਹੈ। ਇਸੇ ਦੇ ਅਨੁਰੂਪ, ਭਾਰਤ ਨੇ ਇਸ ਮਾਮਲੇ ਨੂੰ ਨਿਰਪੱਖ ਮਾਹਿਰ ਨੂੰ ਭੇਜਣ ਦੀ ਵੱਖਰੀ ਅਪੀਲ ਕੀਤੀ। ਸੂਤਰ ਨੇ ਦੱਸਿਆ,''ਇਕ ਹੀ ਪ੍ਰਸ਼ਨ 'ਤੇ 2 ਪ੍ਰਕਿਰਿਆਵਾਂ ਨਾਲ ਸ਼ੁਰੂ ਕਰਨ ਅਤੇ ਇਸ ਦੇ ਅਸੰਗਤ ਨਤੀਜੇ ਆਉਣ ਦੀ ਸੰਭਾਵਨਾ ਕਾਨੂੰਨੀ ਰੂਪ ਨਾਲ ਅਸਥਿਰ ਸਥਿਤੀ ਪੈਦਾ ਕਰੇਗੀ, ਜਿਸ ਨਾਲ ਸਿੰਧੂ ਜਲ ਸੰਧੀ ਖ਼ਤਰੇ 'ਚ ਪੈ ਸਕਦੀ ਹੈ।'' ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਨੇ 2016 'ਚ ਇਸ ਨੂੰ ਮੰਨਿਆ ਸੀ ਅਤੇ 2 ਸਮਾਨਾਂਤਰ ਪ੍ਰਕਿਰਿਆ ਸ਼ੁਰੂ ਕਰਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਸੀ, ਨਾਲ ਹੀ ਭਾਰਤ ਅਤੇ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ ਅਨੁਕੂਲ ਰਸਤਾ ਲੱਭਣ ਦੀ ਅਪੀਲ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਭਾਰਤ ਵਲੋਂ ਲਗਾਤਾਰ ਸਹਿਮਤੀ ਨਾਲ ਸਵੀਕਾਰ ਲੱਭਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਕਿਸਤਾਨ ਨੇ ਸਾਲ 2017 ਤੋਂ 2022 ਦੌਰਾਨ ਸਥਾਈ ਸਿੰਧੂ ਕਮਿਸ਼ਨ ਦੀਆਂ 5 ਬੈਠਕਾਂ 'ਚ ਇਸ 'ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਸਿੰਧੂ ਜਲ ਸੰਧੀ ਦੇ ਪ੍ਰਬੰਧਾਂ ਦੇ ਉਲੰਘਣ ਦੇ ਮੱਦੇਨਜ਼ਰ ਭਾਰਤ ਸੋਧ ਦਾ ਨੋਟਿਸ ਦੇਣ ਲਈ ਮਜ਼ਬੂਰ ਹੋ ਗਿਆ।
HPCA ਨੇ ਧਰਮਸ਼ਾਲਾ ਕ੍ਰਿਕੇਟ ਸ਼ਟੇਡੀਅਮ ’ਚ ਸੈਲਾਨੀਆਂ ਦੀ ਐਂਟਰੀ ’ਤੇ ਲਗਾਈ ਰੋਕ, ਜਾਣੋ ਕਾਰਨ
NEXT STORY