ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ 'ਚ ਝਨਾਂ ਦਰਿਆ 'ਤੇ ਉਸਾਰਿਆ ਗਿਆ 'ਸਲਾਲ ਬਿਜਲੀ-ਪ੍ਰਾਜੈਕਟ' ਭਾਵੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਨੂੰ ਬਿਜਲੀ ਸਪਲਾਈ ਕਰ ਰਿਹਾ ਹੈ ਪਰ ਇਹ ਸਲਾਲ ਕੋਟ ਪੰਚਾਇਤ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਲੋਕਾਂ ਦੀ ਕਿਸਮਤ ਦਾ ਹਨੇਰਾ ਦੂਰ ਨਹੀਂ ਕਰ ਸਕਿਆ। ਆਜ਼ਾਦੀ ਤੋਂ ਪਹਿਲਾਂ ਉਲੀਕਿਆ ਗਿਆ ਵੱਡੀਆਂ ਆਸਾਂ ਵਾਲਾ ਇਹ ਪ੍ਰਾਜੈਕਟ 1970 'ਚ ਉੱਸਰਨਾ ਸ਼ੁਰੂ ਹੋਇਆ ਅਤੇ 25 ਸਾਲਾਂ ਬਾਅਦ 1995 'ਚ ਨੇਪਰੇ ਚੜ੍ਹਿਆ ਤਾਂ ਇਸ ਦੇਰੀ 'ਚ ਵੱਡਾ ਕਾਰਨ ਸੀ ਪਾਕਿਸਤਾਨ ਵੱਲੋਂ ਡਾਹਿਆ ਗਿਆ ਅੜਿੱਕਾ। ਆਖਰ ਭਾਰਤ ਵੱਲੋਂ ਕੁਝ ਤਬਦੀਲੀਆਂ ਕੀਤੇ ਜਾਣ ਉਪਰੰਤ ਹੀ ਪਾਕਿਸਤਾਨ ਨੇ ਹੁੰਗਾਰਾ ਭਰਿਆ ਅਤੇ ਬਿਜਲੀ-ਉਤਪਾਦਨ ਵਾਲੇ ਪਲਾਂਟ ਹਰਕਤ 'ਚ ਆ ਸਕੇ।
ਰਿਆਸੀ ਜ਼ਿਲੇ 'ਚ ਸਥਿਤ ਇਸ ਪ੍ਰਾਜੈਕਟ ਤੋਂ ਦਰਜਨਾਂ ਪਿੰਡਾਂ ਨੂੰ ਆਸ ਸੀ ਕਿ ਇਸ ਦੇ ਨਿਰਮਾਣ ਨਾਲ ਉਥੇ ਖੁਸ਼ਹਾਲੀ ਆਵੇਗੀ, ਸੜਕਾਂ-ਸਹੂਲਤਾਂ ਦਾ ਵਿਸਥਾਰ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਲੋਕਾਂ ਦੀ ਰੋਜ਼ੀ-ਰੋਟੀ ਤੁਰੇਗੀ ਪਰ ਅਜਿਹਾ ਨਹੀਂ ਹੋ ਸਕਿਆ। ਅੱਜ ਵੀ ਇਲਾਕਾ ਅਤਿ-ਪੱਛੜਿਆ ਹੋਇਆ ਹੈ। ਲੋਕਾਂ ਨੂੰ ਰੋਜ਼ੀ-ਰੋਟੀ ਲਈ ਹੱਡ-ਭੰਨਵੀਂ ਕਾਰ ਕਰਨੀ ਪੈਂਦੀ ਹੈ, ਫਿਰ ਵੀ ਚੁੱਲ੍ਹਾ ਬਾਲਣਾ ਔਖਾ ਹੋ ਜਾਂਦਾ ਹੈ। ਪ੍ਰਾਜੈਕਟ ਨੂੰ ਜਾਣ ਵਾਲੀ ਸੜਕ ਦੀ ਹਾਲਤ ਹੀ ਸੁਧਰੀ ਹੈ, ਬਾਕੀਆਂ ਦੀ ਸਥਿਤੀ ਤਸੱਲੀਬਖਸ਼ ਨਹੀਂ। ਸਿਹਤ ਤੇ ਸਿੱਖਿਆ ਸਹੂਲਤਾਂ ਦੀ ਵੱਡੀ ਘਾਟ ਹੈ।
ਇਸ ਸਭ ਦੇ ਨਾਲ ਹੀ ਜਿਹੜੀ ਮਾਰ ਪਾਕਿਸਤਾਨ ਵੱਲੋਂ ਅੱਤਵਾਦ ਦੇ ਰੂਪ 'ਚ ਪੈ ਰਹੀ ਹੈ, ਉਸ ਨੇ ਕਈ ਘਰਾਂ ਦੇ 'ਚਿਰਾਗ' ਬੁਝਾਅ ਦਿੱਤੇ ਹਨ। ਸੂਬੇ ਦੇ ਬਹੁਤੇ ਹੋਰ ਇਲਾਕਿਆਂ ਵਾਂਗ ਇਸ ਖੇਤਰ ਦਾ ਵਿਕਾਸ ਵੀ ਕਦੇ ਸਰਕਾਰ ਦੇ ਉੱਚ-ਏਜੰਡੇ 'ਤੇ ਨਹੀਂ ਰਿਹਾ। ਲੋਕਾਂ ਨੂੰ ਜਿਊਂਦੇ-ਜਾਗਦੇ 'ਇਨਸਾਨ' ਨਹੀਂ ਸਗੋਂ ਸਿਰਫ 'ਵੋਟ' ਸਮਝਿਆ ਜਾਂਦਾ ਹੈ।
ਇਸ ਖੇਤਰ ਦੇ ਪਿੰਡਾਂ ਦੀ ਤਰਸਯੋਗ ਹਾਲਤ ਦੇਖਣ ਦਾ ਮੌਕਾ ਉਦੋਂ ਮਿਲਿਆ ਜਦੋਂ ਸਲਾਲ ਕੋਟ ਪਿੰਡ 'ਚ 512ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਸਮੂਹ ਦੀ ਟੀਮ ਪਹੁੰਚੀ ਸੀ। ਇਹ ਸਮੱਗਰੀ ਪੰਜਾਬ ਨਾਲ ਸਬੰਧਤ ਵੱਖ-ਵੱਖ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਭਿਜਵਾਈ ਗਈ ਸੀ। ਸਲਾਲ ਕੋਟ ਵਿਚ ਇਕੱਤਰ ਹੋਏ 300 ਦੇ ਕਰੀਬ ਪਰਿਵਾਰਾਂ ਨੂੰ ਕੱਪੜੇ, ਤੌਲੀਏ, ਸ਼ਾਲ ਅਤੇ ਕੰਬਲ ਵੰਡੇ ਗਏ।
ਇਸ ਮੌਕੇ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਬਰਬਾਦ ਹੋ ਗਏ ਅਤੇ ਉਸ ਦੀਆਂ ਘਿਨਾਉਣੀਆਂ ਕਾਰਵਾਈਆਂ ਅਜੇ ਵੀ ਜਾਰੀ ਹਨ। ਪਾਕਿਸਤਾਨ ਦੀ ਧਰਤੀ 'ਤੇ ਅੱਜ ਵੀ ਅਜਿਹੇ ਕੈਂਪ ਚੱਲ ਰਹੇ ਹਨ, ਜਿਨ੍ਹਾਂ 'ਚ ਅੱਤਵਾਦੀ ਰੰਗਰੂਟਾਂ ਨੂੰ ਸਿਖਲਾਈ ਦੇ ਕੇ ਅਤੇ ਗੋਲੀ-ਸਿੱਕੇ ਨਾਲ ਲੈਸ ਕਰਕੇ ਭਾਰਤ ਦੇ ਰਾਹ ਤੋਰਿਆ ਜਾਂਦਾ ਹੈ।

ਸ਼ਰਮਾ ਨੇ ਕਿਹਾ ਕਿ ਇਸ ਅੱਤਵਾਦ ਨੇ ਦੇਸ਼ ਦੋ ਹੋਰ ਹਿੱਸਿਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ 'ਚ ਵੀ ਵੱਡੀ ਤਬਾਹੀ ਮਚਾਈ ਹੈ। ਇਸ ਕਾਰਨ ਵੱਡੀ ਗਿਣਤੀ 'ਚ ਸੁਰੱਖਿਆ ਫੋਰਸਾਂ ਦੇ ਜਵਾਨ ਅਤੇ ਆਮ ਨਾਗਰਿਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅੱਤਵਾਦ ਕਾਰਨ ਹੀ ਕਸ਼ਮੀਰ ਖੇਤਰ 'ਚ ਲੱਖਾਂ ਪੰਡਤ ਪਰਿਵਾਰਾਂ ਨੂੰ ਆਪਣੇ ਘਰ-ਘਾਟ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੇ ਕਾਰੋਬਾਰ ਉੱਜੜ ਗਏ ਅਤੇ ਘਰ ਸਾੜ ਕੇ ਸੁਆਹ ਕਰ ਦਿੱਤੇ ਗਏ।
ਸ਼ਰਮਾ ਨੇ ਕਿਹਾ ਕਿ ਇਸ ਅੱਤਵਾਦ ਕਾਰਣ ਸੂਬੇ ਦੇ ਵਿਕਾਸ ਕਾਰਜਾਂ ਨੂੰ ਵੀ ਵੱਡਾ ਧੱਕਾ ਲੱਗਾ ਹੈ, ਜਿਸ ਕਾਰਣ ਲੋਕਾਂ ਨੂੰ ਮੁਸ਼ਕਿਲਾਂ ਭਰਿਆ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਆਸੀ ਜ਼ਿਲੇ 'ਚ ਵੀ ਬਹੁਤ ਸਾਰੇ ਲੋਕ ਅੱਤਵਾਦ ਤੋਂ ਪ੍ਰਭਾਵਿਤ ਹਨ। ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਵਧ-ਚੜ੍ਹ ਕੇ ਯਤਨ ਕੀਤੇ ਜਾਣਗੇ।
ਗਰੀਬੀ ਦੀ ਮਾਰ ਸਹਿ ਰਹੇ ਨੇ ਲੋਕ–ਦੇਵ ਪ੍ਰਕਾਸ਼
ਇਲਾਕੇ ਦੇ ਸਮਾਜ ਸੇਵੀ ਆਗੂ ਬੱਕਲ ਨਿਵਾਸੀ ਸ਼੍ਰੀ ਦੇਵ ਪ੍ਰਕਾਸ਼ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਬਹੁਤ ਸਾਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਨੂੰ ਜੂਨ ਹੰਢਾਉਣ ਲਈ ਸਖਤ ਮਿਹਨਤ-ਮੁਸ਼ੱਕਤ ਕਰਨੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਰੋਜ਼ੀ-ਰੋਟੀ ਦੀ ਚਿੰਤਾ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਾੜੀ ਖੇਤਰਾਂ 'ਚ ਸਹੂਲਤਾਂ ਦਾ ਵਿਸਥਾਰ ਵੀ ਨਹੀਂ ਕੀਤਾ ਗਿਆ।
ਦੇਵ ਪ੍ਰਕਾਸ਼ ਨੇ ਕਿਹਾ ਕਿ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਕਾਰਨ ਇਲਾਕੇ ਦੇ ਬਹੁਤੇ ਨੌਜਵਾਨ ਬੇਰੋਜ਼ਗਾਰ ਅਤੇ ਵਿਹਲੇ ਘੁੰਮ ਰਹੇ ਹਨ। ਨੌਜਵਾਨਾਂ ਕੋਲ ਅਜਿਹੀ ਕੋਈ ਸਮਰੱਥਾ ਨਹੀਂ ਹੈ, ਜਿਸ ਨਾਲ ਉਹ ਆਪਣੇ ਛੋਟੇ-ਮੋਟੇ ਕੰਮ-ਧੰਦੇ ਚਲਾ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਖੇਤਰ ਦੇ ਲੋਕਾਂ ਦੀ ਆਰਥਕ ਹਾਲਤ ਨਹੀਂ ਸੁਧਰਦੀ ਉਦੋਂ ਤਕ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਨੂੰ ਅਜਿਹੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਵਿਸ਼ੇਸ਼ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।
ਜਨਹਿਤ ਵੈੱਲਫੇਅਰ ਸੁਸਾਇਟੀ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ ਨੇ ਕਿਹਾ ਕਿ ਪਹਾੜੀ ਖੇਤਰਾਂ ਦੀਆਂ ਔਰਤਾਂ ਨੂੰ ਆਪਣਾ ਜੀਵਨ ਤੰਗੀਆਂ-ਤੁਰਸ਼ੀਆਂ ਅਤੇ ਮੁਸ਼ਕਲਾਂ ਦੌਰਾਨ ਹੀ ਗੁਜ਼ਾਰਨਾ ਪੈਂਦਾ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਲੜਕੀਆਂ ਦੀ ਸਿੱਖਿਆ ਲਈ ਸਰਕਾਰ ਵੱੱਲੋਂ ਲੋੜੀਂਦੇ ਯਤਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਜਿਹੜੇ ਮਾਪਿਆਂ ਨੂੰ ਸਾਰਾ ਦਿਨ ਰੋਟੀ ਦੀ ਚਿੰਤਾ ਤੇ ਭੱਜ-ਦੌੜ 'ਚ ਗੁਜ਼ਾਰਨਾ ਪੈਂਦਾ ਹੈ, ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ 'ਚ ਅਸਮਰਥ ਹੁੰਦੇ ਹਨ। ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਵਿੱਦਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਰਾਹਤ ਸਮੱਗਰੀ ਦਾ ਵੱਡਾ ਸਹਾਰਾ–ਬਲਰਾਮ ਸੈਣੀ
ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਕਾਰਣ ਸਰਹੱਦੀ ਖੇਤਰਾਂ 'ਚੋਂ ਬਹੁਤ ਸਾਰੇ ਲੋਕਾਂ ਨੂੰ ਪਲਾਇਨ ਕਰਨਾ ਪਿਆ ਹੈ। ਇਸੇ ਤਰ੍ਹਾਂ ਅੱਤਵਾਦ ਨੇ ਵੀ ਕਈ ਪਰਿਵਾਰ ਉਜਾੜੇ ਹਨ, ਜਿਹੜੇ ਆਪਣੇ ਘਰ-ਘਾਟ ਛੱਡਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ-ਮੁਹਿੰਮ ਦਾ ਵੱਡਾ ਸਹਾਰਾ ਹੈ। ਇਸ ਸਮੱਗਰੀ ਨਾਲ ਲੋੜਵੰਦਾਂ ਨੂੰ ਆਸ ਬੱਝਦੀ ਹੈ। ਸੈਣੀ ਨੇ ਕਿਹਾ ਕਿ ਜਿਸ ਤਰ੍ਹਾਂ ਅਖਬਾਰ ਸਮੂਹ ਵੱਲੋਂ ਕਰੋੜਾਂ ਰੁਪਏ ਦੀ ਰਾਸ਼ਨ ਸਮੱਗਰੀ ਅਤੇ ਹੋਰ ਸਾਮਾਨ, ਮੁਸ਼ਕਿਲਾਂ ਭਰਿਆ ਜੀਵਨ ਗੁਜ਼ਾਰ ਰਹੇ ਲੋਕਾਂ ਤੱਕ ਪਹੁੰਚਾਇਆ ਗਿਆ ਹੈ, ਅਜਿਹਾ ਠੋਸ ਯਤਨ ਸਰਕਾਰ ਵੱਲੋਂ ਵੀ ਕੀਤਾ ਜਾਣਾ ਚਾਹੀਦਾ ਹੈ। ਉੱਜੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ।
ਇਲਾਕੇ ਦੇ ਸਮਾਜ ਸੇਵੀ ਆਗੂ ਸ਼ਮਸ਼ੇਰ ਸਿੰਘ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਖੇਤਰਾਂ 'ਚ ਜਾਣ ਲਈ ਸੜਕਾਂ ਵੀ ਨਹੀਂ ਹਨ, ਉਥੇ ਰਾਸ਼ਨ ਆਦਿ ਦੇ ਟਰੱਕ ਲੈ ਕੇ ਪੁੱਜਣਾ ਵੱਡੇ ਹੌਸਲੇ ਦਾ ਕੰਮ ਹੈ। ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਲੋਕਾਂ ਦੀ ਬਾਂਹ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਨੇ ਫੜੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਲਾਕੇ ਦੇ ਹੋਰ ਪਿੰਡਾਂ 'ਚ ਤਰਸਯੋਗ ਹਾਲਤ ਵਿਚ ਜੀਵਨ ਗੁਜ਼ਾਰਨ ਵਾਲੇ ਪਰਿਵਾਰਾਂ ਲਈ ਵੀ ਸਮੱਗਰੀ ਭਿਜਵਾਈ ਜਾਵੇ।
ਇਸ ਮੌਕੇ 'ਤੇ ਕਟੜਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਅਮਿਤ ਸ਼ਰਮਾ, ਪਿੰਡ ਸਲਾਲ ਕੋਟ ਦੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਪੰਚ ਮਹਿੰਦਰ ਸਿੰਘ, ਵਾਰਡ ਨੰਬਰ 4 ਦੇ ਪੰਚ ਤਰਲੋਕ ਸਿੰਘ, ਪੰਚ ਨਿਸ਼ਾ ਦੇਵੀ, ਰਵੀ ਸਿੰਘ, ਮੁੰਨੀ ਦੇਵੀ, ਜਲੰਧਰ ਦੇ ਸ਼੍ਰੀਮਤੀ ਵੀਨਾ ਸ਼ਰਮਾ, ਮੈਡਮ ਕਮਲੇਸ਼ ਤੁਲੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸਲਾਲਕੋਟ ਪੰਚਾਇਤ ਦੇ ਵੱਖ-ਵੱਖ ਵਾਰਡਾਂ ਤੇ ਹੋਰ ਪਿੰਡਾਂ ਨਾਲ ਸਬੰਧਤ ਹਨ।
ਗੋਆ 'ਚ 4 ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ
NEXT STORY