ਪਿੰਡ ਦੀਆਂ ਔਰਤਾਂ ਰਾਤ ਨੂੰ ਪਹਿਰ ਦਿੰਦੀਆਂ ਹੋਈਆਂ
ਰਾਤੀਂ ਕਰੀਬ 9 ਵਜੇ ਬਠਿੰਡਾ ਜ਼ਿਲ੍ਹੇ ਦੇ ਭਾਈ ਰੂਪਾ ਪਿੰਡ ਦੀ ਅਨੀਤਾ ਰਸੋਈ ਵਿੱਚ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਸੌਣ ਦੀ ਥਾਂ ਡੰਡਾ ਅਤੇ ਬੈਟਰੀ ਚੁੱਕਦੀ ਹੈ ਅਤੇ ਘਰ ਤੋਂ ਨਿਕਲ ਪੈਂਦੀ ਹੈ।
ਰਸਤੇ ਵਿੱਚ ਉਹ ਇੱਕ ਹੋਰ ਘਰ ਦੇ ਦਰਵਾਜ਼ੇ ਉੱਤੇ ਦਸਤਕ ਦਿੰਦੀ ਹੈ ਅਤੇ ਉੱਥੋਂ ਵੀ ਕੁਝ ਔਰਤਾਂ ਉਸ ਦੇ ਨਾਲ ਚੱਲ ਪੈਂਦੀਆਂ ਹਨ। ਥੋੜ੍ਹੀ ਹੀ ਦੇਰ ਬਾਅਦ ਅਨੀਤਾ ਦੇ ਨਾਲ ਕਰੀਬ 8 ਔਰਤਾਂ ਪਿੰਡ ਦੀ ਸੜਕ ਉੱਤੇ ਖੜੀਆਂ ਹੋ ਜਾਂਦੀਆਂ ਹਨ।
ਇਨ੍ਹਾਂ ਔਰਤਾਂ ਦੀ ਵਾਰੀ-ਵਾਰੀ ਡਿਊਟੀ ਲੱਗਦੀ ਹੈ
ਸਾਰੀਆਂ ਔਰਤਾਂ ਦੇ ਹੱਥਾਂ ਵਿੱਚ ਡੰਡੇ ਅਤੇ ਬੈਟਰੀਆਂ ਹੁੰਦੀਆਂ ਹਨ। ਅਨੀਤਾ ਅਤੇ ਉਸ ਦੀਆਂ ਸਾਥਣਾਂ ਦਾ ਰਾਤ ਨੂੰ ਜਾਗਣ ਦਾ ਇਹ ਸਿਲਸਿਲਾ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ।
ਇਨ੍ਹਾਂ ਦਾ ਪਹਿਰਾ ਦੇਣ ਦਾ ਮਕਸਦ ਪਿੰਡ ਨੂੰ ਨਸ਼ਾ ਮੁਕਤ ਕਰਨਾ ਹੈ। ਰਾਤੀਂ 9 ਵਜੇ ਤੋਂ ਸਵੇਰੇ 5 ਵਜੇ ਤੱਕ ਇਸ ਪਿੰਡ ਦੀਆਂ ਔਰਤਾਂ ਪਿੰਡ ਦੇ ਨੌਜਵਾਨਾਂ ਦੇ ਨਾਲ ਪਹਿਰਾ ਦਿੰਦੀਆਂ ਹਨ ਅਤੇ ਜੇਕਰ ਕੋਈ ਸ਼ੱਕੀ ਵਾਹਨ ਪਿੰਡ ਵੱਲ ਨੂੰ ਆਉਂਦਾ ਹੈ ਤਾਂ ਉਸ ਦੀ ਤਲਾਸ਼ੀ ਲਈ ਇਨ੍ਹਾਂ ਵੱਲੋਂ ਹੀ ਲਈ ਜਾਂਦੀ ਹੈ।
ਪੰਜਾਬ ਦੇ ਮਾਲਵਾ ਖ਼ਿੱਤੇ ਦੇ ਕਈ ਪਿੰਡਾਂ ਵਿੱਚ ਇਸ ਸਮੇਂ ਨਸ਼ਾ ਰੋਕੂ ਕਮੇਟੀਆਂ ਦੇ ਗਠਨ ਦਾ ਰੁਝਾਨ ਚੱਲ ਰਿਹਾ ਹੈ।
ਭਾਈ ਰੂਪਾ ਪਿੰਡ ਦੀ ਸ਼ਗਨਪ੍ਰੀਤ ਕੌਰ ਵੀ ਆਪਣੇ ਪਿੰਡ ਦੀ ਨਸ਼ਾ ਰੋਕੂ ਕਮੇਟੀ ਵਿੱਚ ਸ਼ਾਮਲ ਹੈ।
ਸ਼ਗਨਪ੍ਰੀਤ ਕੌਰ ਨੇ ਦੱਸਿਆ, “ਚਿੱਟੇ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ, ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ ਨਸ਼ੇ ਨੂੰ ਰੋਕਣ ਲਈ ਕੰਮ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ।”
“ਇਸ ਕਰਕੇ ਨਸ਼ਾ ਰੋਕੂ ਕਮੇਟੀ ਦਾ ਗਠਨ ਕਰੀਬ ਦੋ ਮਹੀਨੇ ਪਹਿਲਾਂ ਪਿੰਡ ਵਿੱਚ ਕੀਤਾ ਗਿਆ। ਔਰਤਾਂ ਅਤੇ ਨੌਜਵਾਨਾਂ ਸਮੇਤ ਇੱਕ ਕਮੇਟੀ ਦੇ ਫ਼ਿਲਹਾਲ 200 ਦੇ ਕਰੀਬ ਮੈਂਬਰ ਹਨ।”
ਸ਼ਗਨਪ੍ਰੀਤ ਕੌਰ ਮੁਤਾਬਕ, "ਜੇਕਰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਤਾਂ ਹੁਣ ਆਪ ਜਾਗਣ ਦੀ ਲੋੜ ਹੈ। ਇਸ ਕਰਕੇ ਰਾਤਾਂ ਨੂੰ ਜਾਗ ਕੇ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਉਹ ਪਹਿਰਾ ਦੇ ਰਹੀਆਂ ਹਾਂ।"
ਉਹ ਆਖਦੀ ਹੈ, "ਆਮ ਤੌਰ ''ਤੇ ਤਸਕਰ ਰਾਤ ਵੇਲੇ ਪਿੰਡਾਂ ਵਿੱਚ ਆ ਕੇ ਨਸ਼ੇ ਦੀ ਸਪਲਾਈ ਕਰਦੇ ਹਨ ਜਿਸ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਹੁਣ ਰਾਤ ਨੂੰ ਪਹਿਰਾ ਦੇਣ ਦਾ ਫ਼ੈਸਲਾ ਕੀਤਾ ਹੈ।"
"ਰਾਤ ਦੇ ਪਹਿਰੇ ਲਈ ਬਕਾਇਦਾ ਡਿਊਟੀ ਲੱਗਦੀ ਹੈ ਅਤੇ ਮੇਰੀ ਵਾਰੀ ਹਫ਼ਤੇ ਵਿੱਚ ਇੱਕ ਦਿਨ ਆਉਂਦੀ ਹੈ।"
ਨਸ਼ਾ ਰੋਕੂ ਕਮੇਟੀ ਵਿੱਚ ਕੰਮ ਕਰ ਰਹੀ ਸੁਖਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਕੁਝ ਦਿੱਕਤਾਂ ਆਈਆਂ ਪਰ ਹੁਣ ਨੂੰ ਕੋਈ ਦਿੱਕਤ ਨਹੀਂ।
ਉਨ੍ਹਾਂ ਆਖਿਆ, "ਜੇਕਰ ਕਿਸੇ ਵਿਅਕਤੀ ਉੱਤੇ ਸਾਨੂੰ ਸ਼ੱਕ ਪੈਂਦਾ ਵੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾਂਦੀ ਹੈ। ਪਹਿਰਾ ਲਗਾਉਣ ਦੇ ਸਾਰਥਕ ਨਤੀਜੇ ਵੀ ਮਿਲਣੇ ਸ਼ੁਰੂ ਹੋ ਗਏ ਹਨ ਪਿੰਡ ਵਿੱਚ ਨਸ਼ੇ ਦੀ ਸਪਲਾਈ ਬਹੁਤ ਘੱਟ ਗਈ ਹੈ।"
ਕਿਵੇਂ ਕੰਮ ਕਰ ਰਹੀਆਂ ਹਨ ਇਹ ਕਮੇਟੀਆਂ
ਭਾਈ ਰੂਪਾ ਪਿੰਡ ਵਿੱਚ ਨਸ਼ਾ ਰੋਕੂ ਕਮੇਟੀ ਦੀ ਨੀਂਹ ਸੁਰਜੀਤ ਸਿੰਘ ਨੇ ਰੱਖੀ ਸੀ, ਜਿਸ ਨੂੰ ਪਿੰਡ ਵਾਸੀ ਮਾਸਟਰ ਜੀ ਆਖਦੇ ਹਨ।
ਸੁਰਜੀਤ ਸਿੰਘ ਆਖਦੇ ਹਨ ਕਿ ਪਿੰਡ ਵਿੱਚ ਕਈ ਨੌਜਵਾਨਾਂ ਦੀ ਮੌਤ ਚਿੱਟੇ ਕਾਰਨ ਹੋ ਗਈ ਸੀ ਕਿਉਂਕਿ ਚਿੱਟੇ ਦੀ ਸਪਲਾਈ ਆਮ ਸੀ।
ਇਸ ਕਰ ਕੇ ਉਨ੍ਹਾਂ ਪਿੰਡ ਵਾਸੀਆਂ ਨਾਲ ਸਲਾਹ ਕੀਤੀ ਅਤੇ ਨਸ਼ਾ ਰੋਕ ਕਮੇਟੀ ਦਾ ਗਠਨ ਕੀਤਾ।
ਸੁਰਜੀਤ ਸਿੰਘ ਆਖਦੇ ਹਨ, "ਜੇਕਰ ਪਿੰਡ ਦੇ ਕੁਝ ਨੌਜਵਾਨ ਅਤੇ ਔਰਤਾਂ ਨਸ਼ੇ ਨੂੰ ਰੋਕਣ ਲਈ ਰਾਤੀਂ ਜਾਗਦੇ ਹਨ ਅਤੇ ਬਾਕੀ ਪਿੰਡ ਆਰਾਮ ਨਾਲ ਸੌਂਦਾ ਹੈ ਤਾਂ ਇਹ ਨਸ਼ੇ ਨਾਲ ਮਰਨ ਨਾਲੋਂ ਕਿਤੇ ਚੰਗਾ ਹੈ।"
"ਕਮੇਟੀ ਵਿੱਚ ਸ਼ਾਮਲ ਮੈਂਬਰਾਂ ਦਾ ਰਿਕਾਰਡ ਰੱਖਿਆ ਗਿਆ ਹੈ ਅਤੇ ਹਰ ਵਿਅਕਤੀ ਦੀ ਵਾਰੀ ਹਫ਼ਤੇ ਵਿੱਚ ਇੱਕ ਦਿਨ ਆਉਂਦੀ ਹੈ।"
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਸ਼ਾ ਰੋਕੂ ਕਮੇਟੀ ਸਬੰਧੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ ਅਤੇ ਬਕਾਇਦਾ ਰਾਤ ਵੇਲੇ ਪੁਲਿਸ ਪਿੰਡ ਵਿੱਚ ਗੇੜਾ ਵੀ ਮਾਰਦੀ ਹੈ।
ਸੁਰਜੀਤ ਸਿੰਘ ਮੁਤਾਬਕ, "ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਰਾਤੀਂ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਲੋਕ ਇਸ ਨਸ਼ਾ ਰੋਕੂ ਮੁਹਿੰਮ ਨਾਲ ਜੁੜ ਵੀ ਰਹੇ ਹਨ।"
"ਪਹਿਰਾ ਲਗਾਉਣ ਨਾਲ ਇੱਕ ਤਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਕਮੀ ਆਈ ਹੈ ਅਤੇ ਦੂਜਾ ਨਸ਼ਾ ਤਸਕਰ ਪਿੰਡ ਤੋਂ ਦੂਰ ਹੋ ਗਏ ਹਨ। ਇਸ ਤੋਂ ਇਲਾਵਾ ਨਸ਼ੇ ਦੇ ਆਦੀ ਵਿਅਕਤੀ ਇਲਾਜ ਕਰਵਾਉਣ ਲਈ ਵੀ ਅੱਗੇ ਆ ਰਹੇ ਹਨ।"
ਪਹਿਰਾ ਦੇਣ ਦੇ ਨਾਲ ਨਾਲ ਇਹ ਕਮੇਟੀਆਂ ਪਿੰਡਾਂ ਵਿੱਚ ਨਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰ ਰਹੀਆਂ ਹਨ।
ਆਖ਼ਰਕਾਰ ਪਿੰਡਾਂ ਦੇ ਲੋਕਾਂ ਨੂੰ ਇਹ ਕਮੇਟੀਆਂ ਗਠਨ ਦੀ ਕਰਨ ਦੀ ਲੋੜ ਕਿਉਂ ਪਈ ਇਸ ਬਾਰੇ ਸੁਰਜੀਤ ਸਿੰਘ ਆਖਦੇ ਹਨ, "ਜਦੋਂ ਪੁਲਿਸ ਅਤੇ ਸਰਕਾਰ ਕੋਲੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ ਤਾਂ ਅਜਿਹੇ ਵਿੱਚ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਹੋਇਆ ਹੈ। ਲੋਕਾਂ ਨੇ ਅਗਲੀ ਪੀੜੀ ਨੂੰ ਨਸ਼ੇ ਤੋਂ ਬਚਾਉਣ ਲਈ ਖ਼ੁਦ ਪਿੰਡਾਂ ਦੀ ਰਾਖੀ ਕਰਨ ਦਾ ਬੀੜਾ ਚੁੱਕਿਆ ਹੈ।"
ਸੁਰਜੀਤ ਸਿੰਘ ਮੁਤਾਬਕ ਪਹਿਲਾਂ ਅਕਾਲੀ ਦਲ ਅਤੇ ਫਿਰ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਨਸ਼ਾ ਖ਼ਤਮ ਕਰਨ ਦਾ ਹੋਕਾ ਦੇ ਕੇ ਰਾਜ ਕੀਤਾ ਪਰ ਨਸ਼ਾ ਬੰਦ ਨਹੀਂ ਹੋਇਆ ਇਸ ਕਰਕੇ ਲੋਕ ਆਪ ਹੁਣ ਇਸ ਨੂੰ ਰੋਕਣ ਲਈ ਅੱਗੇ ਆਏ ਹਨ।
ਬਠਿੰਡਾ ਤੋਂ ਰਾਮਪੁਰਾ ਫੂਲ ਜਾਂਦਿਆ ਸੜਕਾਂ ਉੱਤੇ ਰਾਤ ਸਮੇਂ ਨੌਜਵਾਨ ਪਹਿਰਾ ਦਿੰਦੇ ਦਿਖਾਈ ਦੇਣਗੇ। ਪਹਿਰਾ ਦੇਣ ਵਾਲੇ ਨੌਜਵਾਨਾਂ ਨੇ ਫ਼ੋਟੋ ਵਾਲੇ ਸ਼ਨਾਖ਼ਤੀ ਕਾਰਡ ਵੀ ਪਾਏ ਹੁੰਦੇ ਹਨ, ਜਿੰਨਾ ਉੱਤੇ ਵਿਅਕਤੀ ਦਾ ਪੂਰਾ ਵੇਰਵਾ ਦਰਜ ਹੁੰਦਾ ਹੈ।
ਪਿੰਡ ਦੁੱਲੇਵਾਲਾ ਦੇ ਬਹਾਦਰ ਸਿੰਘ ਆਖਦੇ ਹਨ ਕਮੇਟੀਆਂ ਅੱਗੇ ਫ਼ਿਲਹਾਲ ਕਈ ਚੁਣੌਤੀਆਂ ਹਨ।
ਨਸ਼ਾ ਤਸਕਰ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਪਰ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ, "ਵੱਖ-ਵੱਖ ਪਿੰਡਾਂ ਦੇ ਲੋਕ ਵਟਸਐਪ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ। ਜੇਕਰ ਇੱਕ ਪਿੰਡ ਤੋਂ ਕੋਈ ਸ਼ੱਕੀ ਗੱਡੀ ਨਿਕਲ ਜਾਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਅਗਲੇ ਪਿੰਡਾਂ ਵਿੱਚ ਪਹੁੰਚ ਦਿੱਤੀ ਜਾਂਦੀ ਹੈ।"
ਬਹਾਦਰ ਸਿੰਘ ਆਖਦੇ ਹਨ ਕਿ ਨਸ਼ੇ ਦੀ ਸਮੱਸਿਆ ਨੂੰ ਰੋਕਣ ਲਈ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਹੋਣਾ ਪਵੇਗਾ ਤੱਦ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਹਿੰਦੇ ਹਨ, "ਫ਼ਿਲਹਾਲ ਇਹ ਕਮੇਟੀਆਂ ਸ਼ੁਰੂਆਤੀ ਦੌਰ ਵਿੱਚ ਹਨ ਅਤੇ ਇਨ੍ਹਾਂ ਨੂੰ ਇੱਕ ਬੈਨਰ ਹੇਠਾਂ ਲੈ ਕੇ ਆਉਣਾ ਹੀ ਵੱਡੀ ਸਮੱਸਿਆ ਹੈ ਪਰ ਇਸ ਉੱਤੇ ਵੀ ਕੰਮ ਚੱਲ ਰਿਹਾ ਹੈ।"
"ਇਹ ਕਮੇਟੀਆਂ ਨਿਰੋਲ ਗ਼ੈਰ-ਰਾਜਨੀਤਿਕ ਹਨ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ ਆਪਣੀ ਪਾਰਟੀ ਦੀ ਵਿਚਾਰਧਾਰਾ ਨੂੰ ਬਾਹਰ ਰੱਖਣਾ ਹੋਵੇਗਾ।"
ਬਹਾਦਰ ਸਿੰਘ ਮੁਤਾਬਕ ਬਠਿੰਡਾ ਤੋਂ ਇਲਾਵਾ, ਮੋਗਾ, ਮੁਕਤਸਰ ਅਤੇ ਮਾਨਸਾ ਇਲਾਕੇ ਦੇ ਪਿੰਡਾਂ ਵਿੱਚ ਇਹ ਕਮੇਟੀਆਂ ਕੰਮ ਕਰ ਰਹੀਆਂ ਹਨ।
ਕੀ ਹੈ ਇਨ੍ਹਾਂ ਕਮੇਟੀਆਂ ਦਾ ਕਾਨੂੰਨੀ ਆਧਾਰ
ਪਿੰਡ ਪੱਧਰ ਉੱਤੇ ਨਸ਼ਾ ਰੋਕੂ ਕਮੇਟੀਆਂ ਦੇ ਗਠਨ ਬਾਰੇ ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਦੇ ਦੌਰਾਨ ਇਨ੍ਹਾਂ ਕਮੇਟੀਆਂ ਦੇ ਗਠਨ ਵਿੱਚ ਕਾਫ਼ੀ ਤੇਜ਼ੀ ਆਈ ਹੈ।
ਉਨ੍ਹਾਂ ਆਖਦੇ ਹਨ, "ਪੰਜਾਬ ਪੁਲਿਸ ਨੇ ਵੀ ਬਕਾਇਦਾ ਨਸ਼ੇ ਨੂੰ ਰੋਕਣ ਲਈ ਮੁਹਿੰਮ ਛੇੜੀ ਹੋਈ ਹੈ ਅਤੇ ਜੇਕਰ ਲੋਕ ਵੀ ਇਸ ਵਿੱਚ ਸਾਥ ਦੇਣਗੇ ਤਾਂ ਇਸ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਵਕਤ ਮੋੜ ਅਤੇ ਰਾਮਪੁਰਾ ਫੂਲ ਦੇ 30 ਦੇ ਕਰੀਬ ਪਿੰਡਾਂ ਵਿੱਚ ਇਹ ਕਮੇਟੀਆਂ ਸਰਗਰਮ ਹਨ।"
ਕਮੇਟੀਆਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਬੋਲਦਿਆਂ ਗੁਲਨੀਤ ਸਿੰਘ ਖੁਰਾਣਾ ਨੇ ਆਖਿਆ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਆਗਿਆ ਕਿਸੇ ਨੂੰ ਵੀ ਨਹੀਂ ਹੈ।
"ਇਨ੍ਹਾਂ ਕਮੇਟੀਆਂ ਦੇ ਮੋਹਤਬਰਾਂ ਨੂੰ ਆਖਿਆ ਹੈ ਗਿਆ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਕਾਨੂੰਨ ਦੇ ਮੁਤਾਬਕ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।"
ਉਨ੍ਹਾਂ ਆਖਿਆ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਖ਼ੁਦ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਮਾਰਚ 2023 ਵਿੱਚ ਨਸ਼ੇ ਉੱਤੇ ਹੋਈ ਬਹਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮੰਨਿਆ ਸੀ ਕਿ ਸੂਬੇ ਵਿੱਚ ਕਰੀਬ ਦਸ ਲੱਖ ਲੋਕ ਨਸ਼ੇ ਤੋਂ ਪੀੜਤ ਹਨ।
ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ ਜੁਲਾਈ 2022 ਤੋਂ ਸਤੰਬਰ 2023 ਦੇ ਦਰਮਿਆਨ ਪੁਲਿਸ ਨੇ ਨਸ਼ੇ ਤਸਕਰਾਂ ਦੇ ਖ਼ਿਲਾਫ਼ 14 ਹਜ਼ਾਰ 179 ਐੱਫਆਈਆਰ ਦਰਜ ਕਰ ਕੇ 19 ਹਜ਼ਾਰ 93 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੋਫੈਸਰ ਰਣਜੀਤ ਸਿੰਘ ਘੁੰਮਣ
ਮਾਹਿਰਾਂ ਦੀ ਰਾਏ
ਮਾਲਵੇ ਦੇ ਪਿੰਡਾਂ ਵਿੱਚ ਲੋਕਾਂ ਦੀ ਨਸ਼ੇ ਨੂੰ ਰੋਕਣ ਸਬੰਧੀ ਹੋ ਰਹੀ ਲਾਮਬੰਦੀ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਆਖਦੇ ਹਨ ਕਿ ਲੋਕਾਂ ਦਾ ਇਹ ਵਰਤਾਰਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਸਰਕਾਰ ਸਮੱਸਿਆ ਉੱਤੇ ਕਾਬੂ ਪਾਉਣ ਤੋਂ ਅਸਮਰਥ ਹੋ ਜਾਵੇ।
ਪੰਜਾਬ ਦੇ ਨਸ਼ਿਆਂ ਦੇ ਮੁੱਦੇ ਉੱਤੇ ਲੰਮਾ ਅਧਿਐਨ ਕਰਨ ਵਾਲੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ, "ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ ਅਤੇ ਪਿਛਲੀਆਂ ਦੋ ਸਰਕਾਰਾਂ ਨੂੰ ਇਸ ਮੁੱਦੇ ਕਾਰਨ ਲੋਕਾਂ ਨੇ ਸੱਤਾ ਤੋਂ ਬਾਹਰ ਕਰ ਦਿੱਤੀਆਂ ਹਨ।"
"ਮੌਜੂਦਾ ਸਰਕਾਰ ਨੇ ਨਸ਼ੇ ਉੱਤੇ ਕਾਬੂ ਪਾਉਣ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ ਪਰ ਸਰਕਾਰ ਦੇ ਗਠਨ ਦੇ ਕਈ ਮਹੀਨੇ ਨਿਕਲ ਜਾਣ ਦੇ ਬਾਵਜੂਦ ਵੀ ਇਹ ਸਮੱਸਿਆ ਹੱਲ ਨਹੀਂ ਹੋਈ।"
ਪ੍ਰੋਫੈਸਰ ਘੁੰਮਣ ਮੁਤਾਬਕ ਜਿਸ ਤਰੀਕੇ ਨਾਲ ਮਾਲਵੇ ਵਿੱਚ ਨਸ਼ਾ ਰੋਕੂ ਕਮੇਟੀਆਂ ਦਾ ਗਠਨ ਹੋ ਰਿਹਾ ਹੈ ਇਸ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇਸ ਮੁੱਦੇ ਉੱਤੇ ਇੱਕ ਨਵੀਂ ਸਮਾਜਿਕ ਲਹਿਰ ਦੇਖਣ ਨੂੰ ਮਿਲ ਸਕਦੀ ਹੈ।
ਉਹ ਆਖਦੇ ਹਨ, "ਨਸ਼ਾ ਰੋਕੂ ਕਮੇਟੀਆਂ ਨੂੰ ਆਪਣੇ ਨਾਲ ਪਿੰਡ ਦੇ ਬਜ਼ੁਰਗ, ਪੰਚਾਇਤਾਂ ਦੇ ਚੁਣੇ ਹੋਏ ਨੁਮਾਇੰਦੇ, ਵਿਧਾਇਕ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਭ ਨੂੰ ਨਾਲ ਕੇ ਚੱਲਣਾ ਹੋਵੇਗਾ। ਅਸਲ ਵਿੱਚ ਇਹ ਕੰਮ ਸਰਕਾਰ ਦਾ ਹੈ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਈਆਂ ਇਸ ਕਰਕੇ ਲੋਕ ਹੁਣ ਆਪ ਸਾਹਮਣੇ ਆਏ ਹਨ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ-ਕੈਨੇਡਾ: ਨਿੱਝਰ ਕਤਲ ਮਾਮਲੇ ਵਿੱਚ ਜਗਮੀਤ ਸਿੰਘ ਨੇ ਟਰੂਡੋ ਉੱਤੇ ਲਾਏ ਇਲਜ਼ਾਮ, ਕੀਤਾ ਨਵਾਂ ਖੁਲਾਸਾ
NEXT STORY