ਜਨਵਰੀ ਦਾ ਮਹੀਨਾ ਸੀ ਅਤੇ 21 ਸਾਲ ਦੇ ਵਿਜੇ ਰਾਜ (ਬਦਲਿਆ ਹੋਇਆ ਨਾਮ) ਬਹੁਤ ਪਰੇਸ਼ਾਨ ਸਨ।
ਉਹ ਦੋ ਵਾਰ ਨੀਟ ਦੀ ਪਰੀਖਿਆ ਵਿੱਚ ਨਾਕਾਮ ਹੋ ਚੁੱਕੇ ਸਨ ਅਤੇ ਮਈ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਉਨ੍ਹਾਂ ਨੂੰ ਇੱਕ ਹੋਰ ਅਸਫ਼ਲਤਾ ਦਾ ਡਰ ਸੀ।
ਲੰਬੇ ਸਮੇਂ ਤੋਂ ਉਨ੍ਹਾਂ ਦੀ ਪਰੇਸ਼ਾਨੀ ਦਾ ਵਿਸ਼ਾ ਸੀ ਫ਼ਿਜ਼ਿਕਸ। ਇਸ ਤੋਂ ਇਲਾਵਾ ਕੋਚਿੰਗ ਇੰਸਟੀਚਿਊਟ ਦੇ ਇੰਟਰਨਲ ਟੈਸਟ ਵਿੱਚ ਖ਼ਰਾਬ ਪ੍ਰਦਰਸ਼ਨ ਨੇ ਵੀ ਉਨ੍ਹਾਂ ਦੇ ਆਤਮ ਵਿਸ਼ਵਾਸ ਉੱਤੇ ਅਸਰ ਪਾਇਆ ਸੀ।
ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਵਿਜੇ ਤਣਾਅ, ਚਿੰਤਾ ਅਤੇ ਛਾਤੀ ਵਿੱਚ ਪੀੜ ਤੋਂ ਪਰੇਸ਼ਾਨ ਸਨ।
ਕਈ ਵਾਰ ਮੁਸ਼ਕਲਾਂ ਤੋਂ ਧਿਆਨ ਹਟਾਉਣ ਲਈ ਉਹ ਮੋਬਾਈਲ ਉੱਤੇ ਰੀਲਜ਼ ਅਤੇ ਸ਼ੌਰਟਸ ਦੇਖਦੇ ਸਨ, ਜਿਸ ਨਾਲ ਉਨ੍ਹਾਂ ਦਾ ਹੋਰ ਜ਼ਿਆਦਾ ਸਮਾਂ ਬਰਬਾਦ ਹੁੰਦਾ ਸੀ।
ਮਾਪੇ ਨਿਰਾਸ਼ ਨਾ ਹੋਣ ਜਾਣ, ਇਸ ਲਈ ਕਈ ਵਾਰ ਉਨ੍ਹਾਂ ਨੇ ਘਰ ਵਿੱਚ ਟੈਸਟ ਵਿੱਚ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਝੂਠ ਬੋਲਿਆ।
ਕੋਟਾ ਵਿੱਚ ਕਈ ਸਾਲ ਪੜ੍ਹਾਈ ਕਰ ਚੁੱਕੇ ਵਿਜੇ ਨੇ ਕਿਹਾ, “ਮਾਨਸਿਕ ਦਬਾਅ ਦੀ ਸਥਿਤੀ ਵਿੱਚ ਪਹਿਲੀ ਵਾਰ ਮੈਨੂੰ ਖ਼ੁਦਕੁਸ਼ੀ ਦਾ ਵਿਚਾਰ ਆਇਆ। ਮੈਂ ਇਸ ਬਾਰੇ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਪਰੇਸ਼ਾਨ ਹੋਣ।”
ਹਾਲਾਤ ਇਸ ਕਦਰ ਖ਼ਰਾਬ ਹੋਏ ਕਿ ਇੱਕ ਵਾਰ ਤਾਂ ਉਹ ਖ਼ੁਦਕੁਸ਼ੀ ਦੇ ਬੇਹੱਦ ਨੇੜੇ ਆ ਗਏ।
ਉਨ੍ਹਾਂ ਨੇ ਕਿਹਾ, “ਅਜਿਹਾ ਲੱਗਿਆ ਕਿ ਮੇਰੇ ਕੋਲ ਕੋਈ ਬਦਲ ਨਹੀਂ ਹੈ। ਲੱਗਿਆ ਕਿ ਮੈਂ ਆਪਣੇ ਘਰਵਾਲਿਆਂ ਦਾ ਪੈਸਾ ਬਰਬਾਦ ਕਰ ਦਿੱਤਾ, ਉਨ੍ਹਾਂ ਦੀ ਇੱਜ਼ਤ ਹੇਠਾਂ ਕਰ ਦਿੱਤੀ।”
ਨੀਟ ਵਿੱਚ ਉਹ ਤੀਜੀ ਵਾਰ ਵੀ ਨਾਕਾਮ ਰਹੇ।
ਬੱਚਿਆਂ ਦਾ ਕਿਸੇ ਵੱਡੇ ਇੰਜੀਨਅਰਿੰਗ ਜਾਂ ਮੈਡੀਕਲ ਕਾਲਜ ਵਿੱਚ ਦਾਖ਼ਲਾ ਭਾਰਤੀ ਪਰਿਵਾਰਾਂ ਲਈ ਮਾਣ ਵਾਲੀ ਗੱਲ ਹੁੰਦਾ ਹੈ ਅਤੇ ਨਾਕਾਮੀ ਨੂੰ ਹੇਠਲੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਮਦਦ ਮੰਗਣਾ ਵੀ ਜ਼ਰੂਰੀ ਹੈ
ਵਿਜੇ ਨੇ ਅਦਾਕਾਰਾ ਦੇ ਡਿਪਰੇਸ਼ਨ ਉੱਤੇ ਖੁੱਲ੍ਹ ਕੇ ਗੱਲ ਕਰਨ ਤੋਂ ਪ੍ਰੇਰਣਾ ਲਈ ਅਤੇ ਸਮਾਜਿਕ ਸੋਚ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੇ ਮਨੋਰੋਗ ਮਾਹਰ ਨਾਲ ਸੰਪਰਕ ਕਰਨ ਬਾਰੇ ਸੋਚਿਆ। ਅੱਜ ਉਹ ਬਹੁਤ ਬਿਹਤਰ ਹਾਲਾਤ ਵਿੱਚ ਹਨ।
ਪਰ 18 ਸਾਲ ਦੇ ਆਦਰਸ਼ ਰਾਜ ਇੰਨੇ ਕਿਸਮਤ ਵਾਲੇ ਨਹੀਂ ਸਨ, ਉਹ ਡਾਕਟਰ ਬਣਨਾ ਚਾਹੁੰਦੇ ਸੀ। ਕਿਸਾਨੀ ਨਾਲ ਜੁੜਿਆ ਉਨ੍ਹਾਂ ਦਾ ਪਰਿਵਾਰ ਕਰੀਬ 900 ਕਿਲੋਮੀਟਰ ਦੂਰ ਬਿਹਾਰ ਵਿੱਚ ਰਹਿੰਦਾ ਹੈ। ਆਦਰਸ਼ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।
ਉਨ੍ਹਾਂ ਦੇ ਚਾਚਾ ਹਰੀਸ਼ੰਕਰ ਪ੍ਰਸਾਦ ਸਿੰਘ ਨੇ ਦੱਸਿਆ ਕਿ ਲੰਘੇ ਕੁਝ ਸਮੇਂ ਤੋਂ ਕੋਚਿੰਗ ਟੈਸਟ ਵਿੱਚ ਆਦਰਸ਼ ਦੇ ਘੱਟ ਨੰਬਰ ਆ ਰਹੇ ਸਨ।
ਉਹ ਕਹਿੰਦੇ ਹਨ, “ਸਾਨੂੰ ਲਗਦਾ ਹੈ ਕਿ ਰਿਜ਼ਲਟ ਵਿੱਚ ਘੱਟ ਨੰਬਰ ਆਉਣ ਦੇ ਕਾਰਨ ਡਿਪਰੈਸ਼ਨ ’ਚ ਇਸ ਤਰ੍ਹਾਂ ਦਾ ਕਦਮ ਚੁੱਕਿਆ। ਉਸ ਦਾ ਅਜਿਹਾ ਸੁਭਾਅ ਨਹੀਂ ਸੀ।"
"ਚੰਗੇ ਇਨਸਾਨ ਵੀ ਸਮਾਂ ਆਉਣ ਉੱਤੇ ਆਪਣੇ ਰਾਹ ਤੋਂ ਭਟਕ ਜਾਂਦੇ ਹਨ ਪਰ ਸਮੱਸਿਆ ਦਾ ਹੱਲ ਖ਼ੁਦਕੁਸ਼ੀ ਨਹੀਂ ਹੈ। ਕੀ ਜੋ ਲੋਕ ਨੀਟ ਪਰੀਖਿਆ ਵਿੱਚ ਬੈਠਦੇ ਹਨ, ਸਾਰੇ ਡਾਕਟਰ ਬਣ ਜਾਂਦੇ ਹਨ?”
ਪੁਲਿਸ ਮੁਤਾਬਕ ਕੋਟਾ ਵਿੱਚ ਪਿਛਲੇ 10 ਸਾਲਾਂ ’ਚ 100 ਤੋਂ ਵੱਧ ਵਿਦਿਆਰਥੀ ਆਪਣੀ ਜਾਨ ਲੈ ਚੁੱਕੇ ਹਨ। ਇਸ ਸਾਲ ਹਾਲੇ ਤੱਕ 25 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਗਿਣਤੀ ਹੈ। ਪਿਛਲੇ ਸਾਲ ਇਹ ਅੰਕੜਾ 15 ਸੀ।
ਦਬਾਅ ਕਿੰਨਾ ਵੱਡਾ ਕਾਰਨ?
ਇੱਕ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਾਰ ਵਿਦਿਆਰਥੀ ਮਰਦ ਸਨ ਜੋ ਨੀਟ ਦੀ ਤਿਆਰੀ ਕਰ ਰਹੇ ਸਨ। ਕਈ ਵਿਦਿਆਰਥੀ ਗ਼ਰੀਬ ਅਤੇ ਹੇਠਲੇ ਮੱਧ ਵਰਗ ਪਰਿਵਾਰਾਂ ਤੋਂ ਸਨ।
ਇੱਕ ਮੁਤਾਬਕ ਕੋਟਾ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 15 ਤੋਂ 17 ਦੇ ਦਰਮਿਆਨ ਹੈ। ਉਨ੍ਹਾਂ ਲਈ ਸ਼ਹਿਰ ਵਿੱਚ ਇਕੱਲੇ ਰਹਿਣਾ, ਪਰਿਵਾਰਾਂ ਦੀਆਂ ਉਮੀਦਾਂ, ਹਰ ਦਿਨ 13-14 ਘੰਟਿਆਂ ਦੀ ਪੜ੍ਹਾਈ, ਟਾਪਰਸ ਦੇ ਨਾਲ ਸਖ਼ਤ ਮੁਕਾਬਲੇ ਦੇ ਦਬਾਅ ਨਾਲ ਰਹਿਣਾ ਸੌਖਾ ਨਹੀਂ ਹੈ।
ਆਦਰਸ਼ ਦੇ ਚਾਚਾ ਮੁਤਾਬਕ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਟਾ ਵਿੱਚ ਖ਼ੁਦਕੁਸ਼ੀ ਬਾਰੇ ਕਦੇ ਨਹੀਂ ਸੁਣਿਆ ਸੀ ਅਤੇ ਉਨ੍ਹਾਂ ਨੇ ਕਦੇ ਵੀ ਆਦਰਸ਼ ਉੱਤੇ ਕੋਈ ਦਬਾਅ ਨਹੀਂ ਪਾਇਆ।
ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਸਾਲ 2021 ’ਚ ਲਗਭਗ 13 ਹਜ਼ਾਰ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਇਹ ਅੰਕੜੇ ਸਾਲ 2020 ਦੇ ਅੰਕੜਿਆਂ ਤੋਂ 4.5 ਫੀਸਦੀ ਜ਼ਿਆਦਾ ਹਨ।
ਮੁਤਾਬਕ ਹਰ ਸਾਲ ਕਰੀਬ ਸੱਤ ਲੱਖ ਲੋਕ ਖ਼ੁਦਕੁਸ਼ੀ ਕਰਦੇ ਹਨ ਅਤੇ 15-29 ਸਾਲ ਦੀ ਉਮਰ ਵਿੱਚ ਖ਼ੁਦਕੁਸ਼ੀ, ਮੌਤ ਦਾ ਚੌਥਾ ਸਭ ਤੋਂ ਵੱਡਾ ਕਾਰਨ ਹੈ।
ਕੋਵਿਡ ਵੀ ਇੱਕ ਕਾਰਨ?
ਕੋਟਾ ਦੇ 3,500 ਹੌਸਟਲਾਂ ਅਤੇ ਹਜ਼ਾਰਾਂ ਮਕਾਨਾਂ ਵਿੱਚ ਲਗਭਗ ਦੋ ਲੱਖ ਵਿਦਿਆਰਥੀ ਰਹਿੰਦੇ ਹਨ।
ਕੋਟਾ ਵਿੱਚ ਕਈ ਜ਼ਿੰਦਗੀਆਂ ਰੁਕ ਗਈਆਂ, ਲੋਕ ਦੁਖ਼ੀ ਹਨ ਅਤੇ ਇਸ ਸਾਲ ਖ਼ੁਦਕੁਸ਼ੀ ਦੀ ਵਧੀ ਗਿਣਤੀ ਲਈ ਕੋਵਿਡ ਨੂੰ ਵੀ ਜ਼ਿੰਮੇਵਾਰ ਦੱਸ ਰਹੇ ਹਨ।
ਇੱਕ ਸੋਚ ਹੈ ਕਿ ਕੋਵਿਡ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਜਦੋਂ ਉਹ ਕੋਟਾ ਪਹੁੰਚੇ ਤਾਂ ਬੇਹੱਦ ਸਖ਼ਤ ਮੁਕਾਬਲੇ ਵਿਚਾਲੇ ਕਈ ਵਿਦਿਆਰਥੀ ਨਿਰਾਸ਼ਾ ਦਾ ਸ਼ਿਕਾਰ ਹੋ ਗਏ।
ਤਾਜ਼ਾ ਛਪੇ ਇੱਕ ਵਿਸ਼ਲੇਸ਼ਣ ਮੁਤਾਬਕ, ਕੋਵਿਡ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ ਦੀ ਸਿੱਖਣ ਦੀ ਪ੍ਰਕਿਰਿਆ “ਕਾਫ਼ੀ ਹੌਲੀ” ਹੋ ਗਈ।
ਸਿੱਖਿਆ ਮਾਹਰ ਉਰਮਿਲ ਬਖ਼ਸ਼ੀ ਯਾਦ ਕਰਦੇ ਹਨ, “ਬੱਚੇ ਜਦੋਂ ਕੋਵਿਡ ਤੋਂ ਬਾਅਦ ਸਕੂਲ ਵਾਪਸ ਆਏ ਤਾਂ ਬੱਚਿਆਂ ਦੇ ਲਿਖਣ ਦੀ ਸਮਰੱਥਾ ਖ਼ਤਮ ਹੋ ਗਈ ਸੀ। ਬੱਚਿਆਂ ਦੀ ਸੰਵਾਦ ਕਰਨ ਦੀ ਸਮਰੱਥਾ ਖ਼ਤਮ ਹੋ ਗਈ ਸੀ।"
"ਸਾਨੂੰ ਸ਼ੁਰੂਆਤ ਤੋਂ ਹੀ ਸ਼ੁਰੂ ਕਰਨਾ ਪਿਆ ਕਿ ਬੱਚਿਆਂ ਨੂੰ ਇੱਕ ਦੂਜੇ ਨਾਲ ਸੰਵਾਦ ਕਿਵੇਂ ਕਰਨਾ ਹੈ, ਅਧਿਆਪਕਾਂ ਨਾਲ ਸੰਵਾਦ ਕਿਵੇਂ ਕਰਨਾ ਹੈ।”
ਕੋਟਾ ਦੇ ਇੱਕ ਮੁੱਖ ਕੋਚਿੰਗ ਇੰਸਟੀਚਿਊਟ ਮੋਸ਼ਨ ਏਜੁਕੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨਿਤਿਨ ਵਿਜੇ ਦੱਸਦੇ ਹਨ, “ਜੋ ਬੱਚੇ ਕੋਵਿਡ ਤੋਂ ਬਾਅਦ ਆਏ ਹਨ, ਉਨ੍ਹਾਂ ਦੀ ਦਬਾਅ ਝੱਲਣ ਦੀ ਸਮਰੱਥਾ ਥੋੜ੍ਹੀ ਘੱਟ ਹੈ ਪਰ ਸਮੇਂ ਦੇ ਨਾਲ ਉਨ੍ਹਾਂ ਵਿੱਚ ਸੁਧਾਰ ਹੋ ਜਾਵੇਗਾ।”
ਕੋਵਿਡ ਵਿੱਚ ਸਾਰੀ ਪੜ੍ਹਾਈ ਆਨਲਾਈਨ ਹੋ ਗਈ ਸੀ, ਬੱਚੇ ਆਈਸੋਲੇਟ ਹੋ ਗਏ ਅਤੇ ਮਾਪਿਆਂ ਨੂੰ ਬੱਚਿਆਂ ਦੇ ਹੱਥਾਂ ਵਿੱਚ ਸਮਾਰਟਫ਼ੋਨ ਦੇਣੇ ਪਏ।
ਮਨਰੋਗ ਮਾਹਰ ਕੀ ਕਹਿੰਦੇ?
ਮਨੋਰੋਗ ਡਾਕਟਰ ਐੱਮਐੱਲ ਅਗਰਵਾਲ ਕਹਿੰਦੇ ਹਨ, “ਸਾਰਿਆਂ ਦੇ ਹੱਥ ਵਿੱਚ ਸਮਾਰਟਫ਼ੋਨ ਆ ਗਿਆ। ਕੁਝ ਬੱਚਿਆਂ ਨੇ ਉਸ ਦੀ ਮਾੜੀ ਵਰਤੋਂ ਕੀਤੀ।"
"ਉਸ ਕਾਰਨ ਬੱਚਿਆਂ ਨੂੰ ਇੰਟਰਨੈੱਟ ਦੀ ਲੱਤ ਲਗ ਗਈ ਤੇ ਇਸ ਕਾਰਨ ਬੱਚੇ ਬੰਕ ਮਾਰਨ ਲੱਗੇ, ਉਹ ਪਛੜਣ ਲੱਗੇ। ਜਦੋਂ ਬੱਚੇ ਪਛੜ ਜਾਂਦੇ ਹਨ ਤਾਂ ਫ਼ਿਰ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ, ਫ਼ਿਰ ਸੁਸਾਈਡ ਵੱਲ ਜਾਂਦੇ ਹਨ। ਇੱਥੇ ਕੋਚਿੰਗ ਬਹੁਤ ਤੇਜ਼ੀ ਨਾਲ ਚਲਦੀ ਹੈ। ਦੋ-ਚਾਰ ਦਿਨ ਤੁਸੀਂ ਬੰਕ ਮਾਰਿਆ ਤਾਂ ਫ਼ਿਰ ਤੁਸੀ ਪੜ੍ਹਾਈ ਨੂੰ ਫੜ੍ਹ ਨਹੀਂ ਸਕਦੇ।”
ਜੇ ਇੱਕ ਵਾਰ ਤੁਸੀਂ 200-300 ਵਿਦਿਆਰਥੀਆਂ ਨਾਲ ਭਰੀ ਕਲਾਸ ਵਿੱਚ ਪਿੱਛੇ ਰਹਿ ਗਏ ਤਾਂ ਸਿਲੇਬਸ ਨੂੰ ਵਾਪਸ ਫੜ੍ਹਨਾ ਸੌਖਾ ਨਹੀਂ ਅਤੇ ਫ਼ਿਰ ਤਣਾਅ ਵਧਦਾ ਜਾਂਦਾ ਹੈ। ਉਸ ਦਾ ਅਸਰ ਟੈਸਟ ਵਿੱਚ ਦਿਖਦਾ ਹੈ ਜੋ ਹੋਰ ਵੀ ਤਣਾਅ ਵਧਾਉਂਦਾ ਹੈ।
ਇੱਕ ਜਾਣਕਾਰ ਮੁਤਾਬਕ, ਕੋਟਾ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 15-17 ਸਾਲ ਦੀ ਹੁੰਦੀ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਸਮਾਂ ਹੁੰਦਾ ਹੈ ਪਰ ਉਹ ਬੱਚੇ ਹੀ ਤਾਂ ਹਨ।
ਡਾਕਟਰ ਐੱਮਐੱਲ ਅਗਰਵਾਲ ਕਹਿੰਦੇ ਹਨ, “ਜਦੋਂ ਬੱਚੇ ਇੱਥੇ ਆਉਂਦੇ ਹਨ ਤਾਂ ਉਨ੍ਹਾਂ ਦੀ ਉਮਰ ਸਰੀਰਕ ਵਿਕਾਸ ਦੀ ਹੁੰਦੀ ਹੈ, ਮਨੋਵਿਗਿਆਨੀ ਵਿਕਾਸ ਦੀ ਹੁੰਦੀ ਹੈ, ਉਨ੍ਹਾਂ ਦੇ ਹਾਰਮੋਨਲ ਬਦਲਾਅ ਦੀ ਹੁੰਦੀ ਹੈ।”
ਹੈਲਪਲਾਈਨ ਅਤੇ ਕਾਊਂਸਲਿੰਗ
ਇੱਕ ਵਪਾਰ ਸੰਗਠਨ ਮੁਤਾਬਕ ਸ਼ਹਿਰ ਦੀ ਅਰਥਵਿਵਸਥਾ ਪੰਜ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਹੈ ਅਤੇ ਇਹ ਅਰਥਵਿਵਸਥਾ ਇੱਥੇ ਆਉਣ ਵਾਲੇ ਵਿਦਿਆਰਥੀਆਂ ਉੱਤੇ ਨਿਰਭਰ ਹੈ।
ਕੋਟਾ ਹੋਸਟਲ ਅਸੋਸੀਏਸ਼ਨ ਮੁਖੀ ਨਵੀਨ ਮਿੱਤਲ ਦੀ ਮੰਨੀਏ ਤਾਂ ਸ਼ਹਿਰ ਵਿੱਚ ਖ਼ੁਦਕੁਸ਼ੀ ਦੇ ਵਧੇ ਮਾਮਲਿਆਂ ਦੇ ਬਾਵਜੂਦ ਵਪਾਰ ਉੱਤੇ ਅਸਰ ਨਹੀਂ ਪਿਆ ਹੈ ਅਤੇ ਵਿਦਿਆਰਥੀਆਂ ਦਾ ਕੋਟਾ ਆਉਣਾ ਜਾਰੀ ਹੈ।
ਮੁਕਾਬਲਾ ਸਖ਼ਤ ਹੈ ਅਤੇ ਪਰਿਵਾਰਾਂ ਦਾ ਦਰਦ ਡੂੰਘਾ। ਖ਼ੁਦਕੁਸ਼ੀਆਂ ਨੂੰ ਰੋਕਣ ਲਈ ਸ਼ਹਿਰ ਵਿੱਚ ਪ੍ਰੋਗਰਾਮ ਹੋ ਰਹੇ ਹਨ।
ਲੋਕਾਂ ਨੂੰ ਮਾਨਸਿਕ ਸਿਹਤ ਨੂੰ ਲੈ ਕੇ ਜਾਗਰੂਕ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਖ਼ੁਦਕੁਸ਼ੀਆਂ ਜਾਰੀ ਹਨ। ਕਈ ਪਰੇਸ਼ਾਨ ਵਿਦਿਆਰਥੀ ਸ਼ਹਿਰ ਦੀ ਇੱਕ ਹੋਪ ਹੈਲਪਲਾਈਨ ਉੱਤੇ ਕਾਲ ਕਰਦੇ ਹਨ।
ਹੈਲਪਲਾਈਨ ਕਾਊਂਸਲਰ ਪ੍ਰਮਿਲਾ ਸਖਾਲਾ ਮੁਤਾਬਕ, “ਫ਼ੋਨ ਉੱਤੇ ਪਰੇਸ਼ਾਨ ਬੱਚੇ ਗੱਲ ਕਰਦੇ-ਕਰਦੇ ਰੋਣ ਲੱਗ ਜਾਂਦੇ ਹਨ। ਬਹੁਤ ਦੁਖ਼ ਹੁੰਦਾ ਹੈ ਉਨ੍ਹਾਂ ਨੂੰ ਦੇਖ ਕੇ। ਫ਼ਿਰ ਉਨ੍ਹਾਂ ਦੇ ਮਾਪਿਆਂ ਨਾਲ ਗੱਲ ਕੀਤੀ ਜਾਂਦੀ ਹੈ।"
"ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਉਹ ਬੱਚਿਆਂ ਉੱਤੇ ਐਨਾ ਦਬਾਅ ਕਿਉਂ ਪਾ ਰਹੇ ਹਨ। ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਡਾਕਟਰ ਬਣੇ? ਜੇ ਤੁਹਾਡਾ ਬੱਚਾ ਦੁਨੀਆਂ ਵਿੱਚ ਹੀ ਨਾ ਰਿਹਾ ਤਾਂ ਉਹ ਕੀ ਕਰਨਗੇ?”
ਬਜ਼ਾਰੀਕਰਨ ਦੀ ਕਿੰਨੀ ਭੂਮਿਕਾ?
ਸਿੱਖਿਆ ਸ਼ਾਸਤਰੀ ਉਰਮਿਲ ਬਖਸ਼ੀ ਬੱਚਿਆਂ ਦੀਆਂ ਸਮੱਸਿਆਵਾਂ ਲਈ ਕੋਟਾ ਦੇ ਵਧਦੇ "ਬਾਜ਼ਾਰੀਕਰਨ" ਨੂੰ ਜ਼ਿੰਮੇਵਾਰ ਮੰਨਦੇ ਹਨ।
ਉਹ ਕਹਿੰਦੀ ਹੈ, "ਕੋਚਿੰਗ ਕਲਾਸਾਂ ''ਚ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਅਧਿਆਪਕਾਂ ਨੂੰ ਬੱਚਿਆਂ ਦੇ ਨਾਂ ਵੀ ਨਹੀਂ ਪਤਾ। ਕਿਸੇ ਕਲਾਸ ''ਚ 300 ਜਾਂ ਇਸ ਤੋਂ ਵੱਧ ਬੱਚੇ ਬੈਠੇ ਹਨ।"
"ਕੀ ਉਹ, ਉਨ੍ਹਾਂ ਦਾ ਨਾਮ ਜਾਣਦੇ ਹਨ? ਕੋਈ ਕਿਸੇ ਦਾ ਨਾਂ ਨਹੀਂ ਜਾਣਦਾ। ਬੱਚਾ ਇੱਕ-ਦੂਜੇ ਨਾਲ ਦੋਸਤੀ ਨਹੀਂ ਕਰ ਸਕਦੇ। ਬੱਚਾ ਇਕੱਲਾ ਰਹਿ ਜਾਂਦਾ ਹੈ। ਇਹ ਬਹੁਤ ਦੁਖਦਾਈ ਗੱਲ ਹੈ।"
"ਪੈਸੇ, ਪੈਸਾ, ਕਿੰਨਾ ਪੈਸਾ। ਕਿੰਨੇ ਪੈਸੇ ਦੀ ਲੋੜ ਚਾਹੀਦੀ ਹੈ? ਇੰਨਾ ਪੈਸਾ ਨਹੀਂ ਚਾਹੀਦਾ ਕਿ ਅਸੀਂ ਬੱਚੇ ਗੁਆ ਦੇਈਏ। ਅਸੀਂ ਬੱਚਿਆਂ ਨੂੰ ਗੁਆਉਣਾ ਨਹੀਂ ਚਾਹੁੰਦੇ। ਅਸੀਂ ਬੱਚਿਆਂ ਨੂੰ ਕੁਝ ਬਣਾਉਣਾ ਹੈ। ਚੰਗੇ ਇਨਸਾਨ ਬਣਾਉਣਾ ਹੈ।"
ਪਰਿਵਾਰਾਂ ਮੁਤਾਬਕ ਸੰਸਥਾ ਦੀ ਹਰ ਸਾਲ ਫੀਸ ਇੱਕ ਤੋਂ ਡੇਢ ਲੱਖ ਰੁਪਏ ਵਿਚਾਲੇ ਹੁੰਦੀ ਹੈ।
ਮੋਸ਼ਨ ਐਜੂਕੇਸ਼ਨ ਕੋਚਿੰਗ ਦੇ ਐੱਮਡੀ ਨਿਤਿਨ ਵਿਜੇ ਮੰਨਦੇ ਹਨ ਕਿ ਕਲਾਸਰੂਮ ਦਾ ਆਕਾਰ ਵੱਡਾ ਹੁੰਦਾ ਹੈ, ਪਰ ਉਨ੍ਹਾਂ ਦੇ ਅਨੁਸਾਰ, "ਸਮੱਸਿਆ ਇਹ ਹੈ ਕਿ ਮੁਕਾਬਲੇ ਦੇ ਕਾਰਨ, ਫੀਸਾਂ ਬਹੁਤ ਘੱਟ ਹਨ। ਕੋਚਿੰਗ ਕਾਰਨ ਅਧਿਆਪਕਾਂ ਦਾ ਪ੍ਰਾਈਸ ਪੁਆਇਂਟ ਬਹੁਤ ਜ਼ਿਆਦਾ ਹੋ ਗਿਆ ਹੈ।"
ਕੋਟਾ ਦਾ ਹਰ ਕੋਚਿੰਗ ਸੈਂਟਰ ਅਜਿਹੇ ਅਧਿਆਪਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਨ੍ਹਾਂ ਦੀ ਵਿਦਿਆਰਥੀਆਂ ''ਚ ਫੈਨ ਫਾਲੋਇੰਗ ਹੁੰਦੀ ਹੈ।
ਨਿਤਿਨ ਵਿਜੇ ਕਹਿੰਦੇ ਹਨ, "ਮੀਡੀਆ ਸਾਨੂੰ ਦਿਖਾ ਰਿਹਾ ਹੈ ਕਿ ਕੋਟਾ ਇੱਕ ਮਾਫੀਆ ਹੈ। ਇਹ ਇੱਕ ਕਾਰੋਬਾਰ ਹੈ। ਤੁਸੀਂ ਦੱਸੋ ਕਿ ਕੋਟਾ ਵਿੱਚ ਕਾਰੋਬਾਰ ਹੁੰਦਾ ਪਿਛਲੇ 10 ਸਾਲਾਂ ਵਿੱਚ 25 ਕੋਚਿੰਗ ਸੈਂਟਰ ਬੰਦ ਹੋ ਗਏ ਹਨ। ਬੁਕਿੰਗ ਤੋਂ ਬਾਅਦ 50-50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।"
ਨਿਤਿਨ ਵਿਜੇ ਅਨੁਸਾਰ ਮੋਸ਼ਨ ''ਚ ਹੁਣ ਤੱਕ ਖੁਦਕੁਸ਼ੀ ਦੀ ਕੋਈ ਘਟਨਾ ਨਹੀਂ ਹੋਈ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਗਤੀਵਿਧੀਆਂ ਦਾ ਆਯੋਜਨ, ਕੋਰਸ ਛੋਟੇ ਰੱਖਣਾ, ਕਾਊਂਸਲਿੰਗ, ਵਿਦਿਆਰਥੀਆਂ ਦੀ ਹਾਜ਼ਰੀ ''ਤੇ ਨਜ਼ਰ ਰੱਖਣ ਵਰਗੇ ਕਦਮ ਚੁੱਕੇ ਗਏ ਹਨ।
ਕਿੰਨਾ ਔਖਾ ਹੈ ਬੱਚੇ ਦਾ ਜੀਵਨ?
ਕੋਟਾ ਵਿੱਚ ਕਈ ਜ਼ਿੰਦਗੀਆਂ ਰੁਕ ਗਈਆਂ, ਲੋਕ ਦੁਖੀ ਹਨ, ਪਰ ਸੁਪਨਿਆਂ ਦੀ ਉਡਾਣ ਨਹੀਂ ਰੁਕੀ।
ਇੱਥੇ 20-25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ''ਤੇ ਮਕਾਨ ਹਨ ਜਿੱਥੇ ਉੱਚ ਵਰਗ ਦੇ ਵਿਦਿਆਰਥੀ ਰਹਿੰਦੇ ਹਨ, ਪਰ ਇਹ ਮਕਾਨ ਹਰ ਕਿਸੇ ਦੀ ਪਹੁੰਚ ਵਿੱਚ ਨਹੀਂ ਹਨ।
ਸ਼ਹਿਰ ਦੇ ਵਿਗਿਆਨ ਨਗਰ ਵਿੱਚ ਇੱਕ ਤੰਗ, ਹਨੇਰੇ ਗਲਿਆਰੇ ਵਿੱਚੋਂ ਲੰਘਦੇ ਹੋਏ ਅਸੀਂ ਪੌੜੀਆਂ ਚੜ੍ਹ ਕੇ ਇੱਕ ਘਰ ਦੀ ਦੂਜੀ ਮੰਜ਼ਿਲ ਉੱਤੇ ਅਰਨਵ ਅਨੁਰਾਗ ਦੇ ਕਮਰੇ ਵਿੱਚ ਪਹੁੰਚੇ।
ਬਿਹਾਰ ਤੋਂ ਆਏ ਅਰਨਵ ਦਾ ਸੁਪਨਾ ਡਾਕਟਰ ਬਣਨ ਦਾ ਹੈ। ਉਸ ਦੇ ਪਿਤਾ ਅਧਿਆਪਕ ਹਨ।
ਇਹ ਕਮਰਾ ਅਗਲੇ ਕਈ ਮਹੀਨਿਆਂ ਲਈ ਉਨ੍ਹਾਂ ਦਾ ਘਰ ਹੈ। ਅਰਨਵ ਦੀ ਸਾਲਾਨਾ ਕੋਚਿੰਗ ਫੀਸ 1 ਲੱਖ 20 ਹਜ਼ਾਰ ਰੁਪਏ ਅਤੇ ਮਹੀਨਾਵਾਰ ਖਰਚਾ 12 ਤੋਂ 13 ਹਜ਼ਾਰ ਰੁਪਏ ਹੈ।
ਉਹ ਇਸ ਕਮਰੇ ਦਾ ਸਾਢੇ ਅੱਠ ਹਜ਼ਾਰ ਰੁਪਏ ਕਿਰਾਇਆ ਦਿੰਦਾ ਹੈ।
ਕਮਰਾ ਇੱਕ ਬੈਚਲਰ ਦੇ ਕਮਰੇ ਵਰਗਾ ਹੈ, ਸਲਾਬ ਵਾਲੀ ਸ਼ੈਲਉ, ਬੈੱਡ ''ਤੇ ਕਿਤਾਬਾਂ ਦਾ ਢੇਰ, ਮੇਜ਼ ''ਤੇ ਲੈਪਟਾਪ ਦੇ ਨਾਲ ਇੱਕ ਇੰਡਕਸ਼ਨ ਹੀਟਰ ਪਿਆ ਹੈ, ਨਮਕ ਦਾ ਇੱਕ ਡੱਬਾ ਅਤੇ ਇੱਕ ਗਲਾਸ, ਅਤੇ ਨਾਲ ਦੀ ਕੰਧ ਨਾਲ ਇੱਕ ਮੇਜ਼, ਪਸੀਨੇ ਨਾਲ ਨਜਿੱਠਣ ਲਈ ਕੋਨੇ ''ਚ ਪਿਆ ਕੂਲਰ ਤੇ ਹੋਰ ਬਹੁਤ ਕੁਝ।
ਉਹ ਕਹਿੰਦਾ ਹੈ, "(ਕਮਰੇ ਵਿੱਚ) ਘੁਟਨ ਮਹਿਸੂਸ ਹੁੰਦੀ ਹੈ, ਪਰ ਮੈਨੂੰ ਇੱਥੇ ਸਖ਼ਤ ਮਿਹਨਤ ਕਰਨੀ ਹੈ। ਇਸ ਘੁਟਣ ਤੋਂ ਬਾਅਦ, ਜਦੋਂ ਨਤੀਜੇ ਆਉਣਗੇ, ਮੈਂ ਚੁਣਿਆ ਜਾਵਾਂਗਾ ਤਾਂ ਘੁੰਮ ਕੇ ਆਵਾਂਗਾ ਤੇ ਕਹਾਂਗਾ ਕਿ ਇਹ ਵੀ ਇੱਕ ਕਮਰਾ ਸੀ। ਇੱਥੇ ਹੀ ਮੈਂ ਪੜ੍ਹਾਈ ਕੀਤੀ ਸੀ, ਤਾਂ ਚੰਗਾ ਲੱਗੇਗਾ।"
ਕੋਟਾ ਵਿੱਚ ਰਹਿਣ ਵਾਲੇ ਬਹੁਤ ਸਾਰੇ ਵਿਦਿਆਰਥੀ ਕੋਟਾ ਦੇ ਮਾਹੌਲ ਵਿੱਚ ਢਲ ਜਾਂਦੇ ਹਨ ਅਤੇ ਅਜਿਹਾ ਹਰ ਕਿਸੇ ਨਾਲ ਨਹੀਂ ਹੁੰਦਾ।
ਬੱਚਿਆਂ ਦੇ ਮਨ ਨੂੰ ਸਮਝਣ ਦੀ ਸਲਾਹ
ਜਦੋਂ ਅਸੀਂ ਕੋਟਾ ਵਿੱਚ ਸੀ ਤਾਂ ਸਾਨੂੰ ਖ਼ਬਰ ਮਿਲੀ ਕਿ ਉੱਥੇ ਹੋਸਟਲ ਵਿੱਚ ਰਹਿਣ ਵਾਲੀ ਇੱਕ ਹੋਰ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਹੋਸਟਲ ਵਿਚ ਹਰ ਕੋਈ ਸਦਮੇ ਵਿਚ ਸੀ। ਕੇਅਰਟੇਕਰ ਨੇ ਕਿਹਾ, "ਉਹ ਸਾਡੀ ਧੀ ਵਰਗੀ ਸੀ।"
ਇਸ ਵਿਦਿਆਰਥਣ ਦੇ ਪਿਤਾ ਕੋਟਾ ਆ ਰਹੇ ਸਨ ਜਦੋਂ ਉਨ੍ਹਾਂ ਨਾਲ ਸਾਡੀ ਫੋਨ ''ਤੇ ਗੱਲਬਾਤ ਹੋਈ।
ਉਨ੍ਹਾਂ ਨੇ ਦੱਸਿਆ, "ਬੇਟੀ ਨੇ ਕੋਟਾ ''ਚ ਖੁਦਕੁਸ਼ੀਆਂ ਦਾ ਜ਼ਿਕਰ ਕੀਤਾ ਸੀ, ਜਿਸ ''ਤੇ ਅਸੀਂ ਕਿਹਾ ਸੀ ਕਿ ਬੇਟਾ, ਇਨ੍ਹਾਂ ਸਾਰੀਆਂ ਗੱਲਾਂ ''ਤੇ ਧਿਆਨ ਨਾ ਦਿਓ... ਸਾਡੀਆਂ ਦੋ ਬੇਟੀਆਂ ਹਨ, ਇਕ ਚਲੀ ਗਈ ਹੈ।"
ਰਾਜਸਥਾਨ ਪੁਲਿਸ ਦੇ ਕੋਟਾ ਸਟੂਡੈਂਟ ਸੈੱਲ ਦੇ ਇੰਚਾਰਜ ਚੰਦਰਸ਼ੀਲ ਨੇ ਦੱਸਿਆ ਕਿ ਖੁਦਕੁਸ਼ੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਟੀਮ ਲਗਾਤਾਰ ਹੋਸਟਲਾਂ ਆਦਿ ਦਾ ਦੌਰਾ ਕਰਦੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਕਿਸੇ ਵਿਦਿਆਰਥੀ ਦੇ ਵਿਵਹਾਰ ਵਿੱਚ ਕੋਈ ਫਰਕ ਜਾਂ ਬਦਲਾਅ ਤਾਂ ਨਹੀਂ ਆਇਆ।
ਉਹ ਹੋਸਟਲ ਦੇ ਵਾਰਡਨ ਅਤੇ ਖਾਣਾ ਬਣਾਉਣ ਵਾਲੇ ਲੋਕਾਂ ਨਾਲ ਗੱਲ ਕਰਦੇ ਹਨ।
ਬਹੁਤ ਸਾਰੇ ਬੱਚਿਆਂ ਦੀਆਂ ਮਾਵਾਂ ਇੱਥੇ ਵਿਦਿਆਰਥੀਆਂ ਦੇ ਨਾਲ ਰਹਿੰਦੀਆਂ ਹਨ ਤਾਂ ਜੋ ਉਨ੍ਹਾਂ ਦੀ ਇਕੱਲਤਾ ਦੂਰ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਘਰ ਦਾ ਖਾਣਾ ਅਤੇ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਜਾਣਕਾਰਾਂ ਮੁਤਾਬਕ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਦੇ ਮਨ ਨੂੰ ਫਰੋਲਣ, ਉਨ੍ਹਾਂ ਨਾਲ ਗੱਲ ਕਰਨ, ਉਨ੍ਹਾਂ ਦੇ ਨਾਲ ਲੰਬਾ ਸਮਾਂ ਬਿਤਾਉਣ ਤਾਂ ਜੋ ਇਹ ਬੱਚੇ ਖੁੱਲ੍ਹ ਕੇ ਸਮਝਾ ਸਕਣ ਕਿ ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ।
ਜ਼ਰੂਰੀ ਜਾਣਕਾਰੀ
- ਮਾਨਸਿਕ ਸਮੱਸਿਆਵਾਂ ਦਾ ਇਲਾਜ ਦਵਾਈ ਅਤੇ ਥੈਰੇਪੀ ਨਾਲ ਹੋ ਸਕਦਾ ਹੈ। ਇਸ ਦੇ ਲਈ ਤੁਹਾਨੂੰ ਕਿਸੇ ਮਨੋਵਿਗਿਆਨੀ ਦੀ ਸਹਾਇਤਾ ਲੈਣੀ ਚਾਹੀਦੀ ਹੈ। ਤੁਸੀਂ ਹੇਠ ਲਿਖੇ ਹੈਲਪਲਾਈਨ ਨੰਬਰਾਂ ''ਤੇ ਵੀ ਸੰਪਰਕ ਕਰ ਸਕਦੇ ਹੋ-
- ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੀ ਹੈਲਪਲਾਈਨ - 1800-599-0019 (13 ਭਾਸ਼ਾਵਾਂ ਵਿੱਚ ਉਪਲਬਧ ਹੈ)
- ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਜ਼-9868396824, 9868396841, 011-22574820
- ਹਿਤਗਜ਼ ਹੈਲਪਲਾਈਨ, ਮੁੰਬਈ - 022- 24131212
- ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ - 080 - 26995000
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਫੇਰੀ : ‘ਜੋ ਅਕਾਲੀ ਤਨਖ਼ਾਹ ਲਾਏ ਬਿਨਾਂ ਨਹੀਂ ਕਰਦੇ, ਰਾਹੁਲ ਉਹ ਕਰ ਗਏ’
NEXT STORY