ਵਿਸ਼ਵ ਭਰ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਇਨ੍ਹਾਂ ’ਚੋਂ ਵੀ ਹਰ 5 ’ਚੋਂ 1 ਮੌਤ ਭਾਰਤ ’ਚ ਹੁੰਦੀ ਹੈ। ਇਸੇ ਕਾਰਨ ਭਾਰਤ ਨੂੰ ‘ਸੜਕ ਹਾਦਸਿਆਂ ਦੀ ਰਾਜਧਾਨੀ’ ਵੀ ਕਿਹਾ ਜਾਣ ਲੱਗਾ ਹੈ। ਇਹ ਸਮੱਸਿਆ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਪਿਛਲੇ 3 ਦਿਨਾਂ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 27 ਅਗਸਤ ਨੂੰ ਹਰਿਆਣਾ ਦੇ ‘ਰਾਈ’ ’ਚ ਤਿੰਨ ਦੋਸਤਾਂ ਨੂੰ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ।
* 27 ਅਗਸਤ ਨੂੰ ਹੀ ਬਠਿੰਡਾ-ਡੱਬਵਾਲੀ ਹਾਈਵੇ ’ਤੇ ‘ਚੱਕ ਰੁਲਦੂ ਸਿੰਘ ਵਾਲਾ’ ਦੇ ਨੇੜੇ ਇਕ ਤੇਜ਼ ਰਫਤਾਰ ਬੱਸ ਦੇ ਰੋਡ ਡਿਵਾਈਡਰ ਨਾਲ ਟਕਰਾ ਕੇ ਉਲਟ ਜਾਣ ਕਾਰਨ ਬੱਸ ’ਚ ਸਵਾਰ ਇਕ ਔਰਤ ਦੀ ਮੌਤ ਅਤੇ 4 ਲੋਕ ਜ਼ਖਮੀ ਹੋ ਗਏ।
* 27 ਅਗਸਤ ਨੂੰ ਹੀ ਪਠਾਨਕੋਟ ਤੋਂ ਮਣੀਮਹੇਸ਼ ਯਾਤਰਾ ਲਈ ਨਿਕਲੀ ਸ਼ਰਧਾਲੂਆਂ ਦੀ ਗੱਡੀ ‘ਭਰਮੌਰ-ਭਰਮਾਣੀ ਮਾਤਾ’ ਮਾਰਗ ’ਤੇ 100 ਫੁੱਟ ਡੂੰਘੀ ਖੱਡ ’ਚ ਡਿੱਗਣ ਨਾਲ ਗੱਡੀ ’ਚ ਸਵਾਰ 3 ਲੋਕਾਂ ਦੀ ਮੌਤ ਅਤੇ 10 ਲੋਕ ਜ਼ਖਮੀ ਹੋ ਗਏ।
* 27 ਅਗਸਤ ਨੂੰ ਹੀ ਆਂਧਰਾ ਪ੍ਰਦੇਸ਼ ਦੇ ‘ਗੁਵਾਲਾਚੇਰੂਵੂ’ ’ਚ ਨੈਸ਼ਨਲ ਹਾਈਵੇ ’ਤੇ ਇਕ ਟਰੱਕ ਅਤੇ ਕਾਰ ਦਰਮਿਆਨ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ।
* 28 ਅਗਸਤ ਨੂੰ ਬੈਂਗਲੁਰੂ ’ਚ ਇਕ ਟੈਂਪੂ ਟ੍ਰੈਵਲਰ ਅਤੇ ਕਾਰ ਦਰਮਿਆਨ ਸਿੱਧੀ ਟੱਕਰ ਦੇ ਨਤੀਜੇ ਵਜੋਂ ਇਕ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਗਈ।
* 28 ਅਗਸਤ ਨੂੰ ਹੀ ਅਰੁਣਾਚਲ ਪ੍ਰਦੇਸ਼ ਦੇ ‘ਅਪਰ ਸੁਬਾਨਸਿਰੀ’ ਜ਼ਿਲੇ ’ਚ ਫੌਜ ਦਾ ਇਕ ਟਰੱਕ ਡੂੰਘੀ ਖੱਡ ’ਚ ਡਿੱਗ ਜਾਣ ਨਾਲ 3 ਫੌਜੀਆਂ ਦੀ ਜਾਨ ਚਲੀ ਗਈ।
* 28 ਅਗਸਤ ਨੂੰ ਹੀ ਰਾਜਸਥਾਨ ’ਚ ‘ਸੀਕਰ’ ਦੇ ‘ਰੀਂਗਸ’ ’ਚ ਇਕ ਸੀਮੈਂਟ ਨਾਲ ਲੱਦੇ ਟ੍ਰੇਲਰ ਨੇ ਆਪਣੇ ਅੱਗੇ ਚੱਲ ਰਹੀ ਇਕ ਕਾਰ ਨੂੰ ਦਰੜ ਦਿੱਤਾ ਅਤੇ ਉਸ ਦੇ ਹੇਠਾਂ ਦੱਬ ਜਾਣ ਨਾਲ ਕਾਰ ’ਚ ਸਵਾਰ ਚਾਰਾਂ ਲੋਕਾਂ ਦੀ ਮੌਤ ਹੋ ਗਈ।
* 29 ਅਗਸਤ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਇਕ ਵਾਹਨ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਵਿਅਕਤੀ ਦੀ ਮੌਤ ਅਤੇ 8 ਲੋਕ ਜ਼ਖਮੀ ਹੋ ਗਏ।
* 29 ਅਗਸਤ ਨੂੰ ਹੀ ਗੋਂਡਾ (ਉੱਤਰ ਪ੍ਰਦੇਸ਼) ਦੇ ਕਰਨਲਗੰਜ ਥਾਣਾ ਇਲਾਕੇ ’ਚ ਇਕ ਟ੍ਰੈਕਟਰ-ਟ੍ਰਾਲੀ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਸਵਾਰ ਭਰਾ-ਭੈਣ ਦੀ ਮੌਤ ਹੋ ਗਈ।
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸ਼੍ਰੀ ਨਿਤਿਨ ਗਡਕਰੀ, ਜਿਨ੍ਹਾਂ ਨੇ ਪਹਿਲਾਂ ਮਹਾਰਾਸ਼ਟਰ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਅਤੇ ਹੁਣ ਕੇਂਦਰ ’ਚ ‘ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ’ ਦੇ ਰੂਪ ’ਚ ਦੇਸ਼ ’ਚ ਸੜਕਾਂ, ਰਾਜਮਾਰਗਾਂ ਅਤੇ ਫਲਾਈਓਵਰਾਂ ਦਾ ਜਾਲ ਵਿਛਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ, ਨੇ ਕਿਹਾ ਹੈ ਕਿ ‘‘ਭਾਰਤ ’ਚ ਯੁੱਧ, ਅੱਤਵਾਦ ਅਤੇ ਨਕਸਲਵਾਦ ਤੋਂ ਵੀ ਵੱਧ ਲੋਕਾਂ ਦੀ ਮੌਤ ਸੜਕ ਹਾਦਸਿਆਂ ’ਚ ਹੋ ਰਹੀ ਹੈ।’’
Àਉਨ੍ਹਾਂ ਨੇ ਕਿਹਾ, ‘‘ਦੇਸ਼ ’ਚ ਬਲੈਕਸਪਾਟਸ (ਹਾਦਸਾ ਸੰਭਾਵਿਤ ਖੇਤਰ) ਦੀ ਗਿਣਤੀ ਵਧ ਰਹੀ ਹੈ। ਇਸ ਲਈ ਹਾਦਸਿਆਂ ਦੀ ਗਿਣਤੀ ਘੱਟ ਕਰਨ ਲਈ ਸਾਨੂੰ ਲੇਨ ਅਨੁਸ਼ਾਸਨ ਦੀ ਪਾਲਣਾ ਕਰਨ ਅਤੇ ਸਾਰੇ ਰਾਜਮਾਰਗਾਂ ਦੇ ਸੁਰੱਖਿਆ ਆਡਿਟ ਦੀ ਲੋੜ ਹੈ।’’
ਸ਼੍ਰੀ ਨਿਤਿਨ ਗਡਕਰੀ ਅਨੁਸਾਰ, ‘‘ਦੇਸ਼ ’ਚ ਹਰ ਸਾਲ 5 ਲੱਖ ਸੜਕ ਹਾਦਸਿਆਂ ’ਚ 1.5 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਜਦਕਿ 3 ਲੱਖ ਲੋਕ ਜ਼ਖਮੀ ਹੁੰਦੇ ਹਨ। ਜ਼ਿਆਦਾਤਰ ਹਾਦਸੇ ਸੜਕ ਇੰਜੀਨੀਅਰਿੰਗ ’ਚ ਖਾਮੀ ਕਾਰਨ ਹੁੰਦੇ ਹਨ।’’
ਸ਼੍ਰੀ ਨਿਤਿਨ ਗਡਕਰੀ ਦੇ ਉਕਤ ਬਿਆਨ ਦੇ ਸੰਦਰਭ ’ਚ ਅਸੀਂ ਇਹ ਕਹਿਣਾ ਚਾਹਾਂਗੇ ਕਿ ਜ਼ਿਆਦਾਤਰ ਮਾਮਲਿਆਂ ’ਚ ਹਾਦਸਿਆਂ ਦੇ ਕਾਰਨਾਂ ’ਚ ਅੱਗੇ ਨਿਕਲਣ ਦੀ ਜਲਦਬਾਜ਼ੀ ’ਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ ਵੀ ਇਕ ਮੁੱਖ ਕਾਰਨ ਹੈ। ਅੱਜ ਪਹਿਲਾਂ ਦੀ ਤੁਲਨਾ ’ਚ ਫਲਾਈਓਵਰ ਅਤੇ ਸੜਕਾਂ ਦੁੱਗਣੀਆਂ-ਤਿੱਗਣੀਆਂ ਚੌੜੀਆਂ ਅਤੇ ਬਿਹਤਰ ਹੋ ਗਈਆਂ ਹਨ। ਇਨ੍ਹਾਂ ’ਤੇ ਵਾਹਨ ਤੇਜ਼ੀ ਨਾਲ ਦੌੜਦੇ ਹਨ ਪਰ ਵਾਹਨ ਚਲਾਉਣ ਵਾਲਿਆਂ ਦਾ ਰਫਤਾਰ ਦੇ ਨਾਲ-ਨਾਲ ਵਾਹਨਾਂ ’ਤੇ ਕੰਟਰੋਲ ਵੀ ਕਾਇਮ ਰਹਿਣਾ ਚਾਹੀਦਾ ਹੈ।
ਦੋਪਹੀਆ ਵਾਹਨਾਂ ’ਤੇ ਤਿੰਨ-ਤਿੰਨ, ਚਾਰ-ਚਾਰ ਲੋਕਾਂ ਦੇ ਬੈਠਣ ਅਤੇ ਵਾਹਨ ਚਲਾਉਣ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾਲ ਵੀ ਹਾਦਸਿਆਂ ਦਾ ਜੋਖਮ ਵਧ ਰਿਹਾ ਹੈ। ਵਾਹਨ ਚਾਲਕਾਂ ਦਾ ਇਕ ਹੱਥ ਸਟੇਅਰਿੰਗ ’ਤੇ ਅਤੇ ਦੂਜੇ ਹੱਥ ਨਾਲ ਕੰਨ ’ਤੇ ਮੋਬਾਈਲ ਲੱਗਾ ਹੁੰਦਾ ਹੈ। ਕਿਤੇ-ਕਿਤੇ ਵਾਹਨਾਂ ਦੀਆਂ ਹੈੱਡਲਾਈਟਾਂ ਅਤੇ ਹਾਰਨ ਤਕ ਖਰਾਬ ਪਾਏ ਜਾਂਦੇ ਹਨ। ਜਦੋਂ ਦੋ ਕਾਰਾਂ ਆਹਮਣੇ-ਸਾਹਮਣੇ ਹੁੰਦੀਆਂ ਹਨ ਤਾਂ ਡਿੱਪਰ ਦੀ ਵਰਤੋਂ ਨਾ ਹੋਣ ਕਾਰਨ ਵੱਡੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।
ਚੰਦ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਵੀ ਨਾ ਤਾਂ ਧਿਆਨ ਨਾਲ ਅਤੇ ਨਾ ਹੀ ਪੂਰੀ ਡਿਊਟੀ ਦਿੰਦੇ ਹਨ। ਇਸ ਨਾਲ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਉਤਸ਼ਾਹ ਮਿਲਦਾ ਹੈ ਜਿਸ ਨਾਲ ਹਾਦਸਿਆਂ ਦਾ ਜੋਖਮ ਵਧਦਾ ਹੈ।
ਜਿਵੇਂ ਕਿ ਸ਼੍ਰੀ ਗਡਕਰੀ ਨੇ ਸੜਕ ਇੰਜੀਨੀਅਰਿੰਗ ’ਤੇ ਸਵਾਲ ਕੀਤਾ ਹੈ, ਇਨ੍ਹਾਂ ਹਾਦਸਿਆਂ ’ਚ ਸੜਕਾਂ ’ਚ ਪਏ ਟੋਇਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਲਈ ਨਗਰ ਨਿਗਮਾਂ ਅਤੇ ਹਾਈਵੇ ਅਥਾਰਟੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਨਾਲ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਚੁਸਤ ਕਰਨ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਸੜਕ ਹਾਦਸਿਆਂ ’ਤੇ ਰੋਕ ਲਾ ਕੇ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।
–ਵਿਜੇ ਕੁਮਾਰ
ਰਾਜ ਸਭਾ ਵਿਚ ਬਹੁਮਤ ਨਾਲ ਕੀ ਫਰਕ ਪਵੇਗਾ?
NEXT STORY