ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ
ਅਜ਼ਾਦੀ ਤੋਂ ਬਾਅਦ ਭਾਰਤ ਦੇ ਖੇਤੀ ਖੇਤਰ ਵਿੱਚ ਆਪਣੀ ਨਿਰੰਤਰ ਖੋਜ ਅਤੇ ਸੂਝ ਸਦਕਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਵਿੱਚ ਸਭ ਤੋਂ ਉੱਘਾ ਨਾਂ ਐੱਮਐੱਸ ਸਵਾਮੀਨਾਥਨ ਦਾ ਹੈ। 1960ਵਿਆਂ- 70ਵਿਆਂ ਦੌਰਾਨ ਭੁੱਖੇ ਦੇਸ਼ ਦਾ ਢਿੱਡ ਭਰਨ ਲਈ ਅਹਿਮ ਯੋਜਨਾਬੰਦੀ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।
ਕੌਮੀ ਤੇ ਕੌਮਾਂਤਰੀ ਪੱਧਰ ਦੇ ਕਈ ਸਨਮਾਨ ਹਾਸਿਲ ਕਰਨ ਵਾਲੇ ਸਵਾਮੀਨਾਥਨ ਦਾ ਜਨਮ 7 ਅਗਸਤ, 1925 ਨੂੰ ਤਾਮਿਲਨਾਡੂ ਦੇ ਕੁੰਮਾਕੋਨਮ ਵਿੱਚ ਹੋਇਆ ਸੀ।
ਉਨ੍ਹਾਂ ਦੇ ਪਰਿਵਾਰ ਵਿੱਚ ਡਾਕਟਰ ਸਵਾਮੀਨਾਥਨ ਦੀ ਪਤਨੀ ਮੀਨਾ ਸਵਾਮੀਨਾਥਨ ਤਿੰਨ ਧੀਆਂ- ਸੌਮਿਆ ਸਵਾਮੀਨਾਥਨ, ਮਥੁਰਾ ਸਵਾਮੀਨਾਥਨ ਅਤੇ ਨਿੱਤਿਆ ਸਵਾਮੀਨਾਥਨ ਹਨ।
ਉਨ੍ਹਾਂ ਦੀ ਰਹਿਨੁਮਾਈ ਵਿੱਚ ਵਿਕਸਿਤ ਕੀਤੀਆਂ ਗਈਆਂ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੇ ਦੇਸ਼ ਭਰ ਦੇ ਘੱਟ ਆਮਦਨ ਵਾਲੇ ਕਿਸਾਨਾਂ ਨੂੰ ਪੈਰਾਂ ਸਿਰ ਕਰਨ ਵਿੱਚ ਮਦਦ ਕੀਤੀ।
28 ਸਤੰਬਰ 2023 ਨੂੰ 98 ਸਾਲਾਂ ਦੀ ਉਮਰ ਵਿੱਚ ਐੱਸਐੱਸ ਸਵਾਮੀਨਾਥਨ ਨੇ ਚੇੱਨਈ ਵਿੱਚ ਆਖ਼ਰੀ ਸਾਹ ਲਏ। ਸਵਾਮੀਨਾਥਨ ਵਲੋਂ ਪਾਏ ਕੁਝ ਜ਼ਿਕਰਯੋਗ ਹਿੰਦਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੋਂ ਸਨਮਾਨ ਹਾਸਿਲ ਕਰਦੇ ਹੋਏ ਸਵਾਮੀਨਾਥਨ
ਆਜ਼ਾਦ ਭਾਰਤ ’ਚ ਖੇਤੀ ਨੂੰ ਨਵੀਂ ਲੀਹ ’ਤੇ ਪਾਇਆ
ਜਦੋਂ ਭਾਰਤ 1947 ਵਿੱਚ ਆਜ਼ਾਦ ਹੋਇਆ ਉਸ ਸਮੇਂ 1943 ਦੇ ਬੰਗਾਲ ਅਕਾਲ ਦੀ ਛਾਪ ਹਾਲੇ ਪੂਰੀ ਤਰ੍ਹਾਂ ਮਿਟੀ ਨਹੀਂ ਸੀ ਤੇ ਦੇਸ਼ ਦੇ ਇਸ ਦਾ ਅਸਰ ਪ੍ਰਤੱਖ ਸੀ।
ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਖੇਤੀ ਖੇਤਰ ਨੂੰ ਫੌਰੀ ਪ੍ਰਮੁੱਖਤਾ ਦਿੱਤੀ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਕਈ ਕਦਮ ਚੁੱਕੇ।
ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਵਿਗਿਆਨੀ ਫ਼ਸਲਾਂ ਦੀਆਂ ਵਧੇਰੇ ਉਪਜ ਦੇਣ ਵਾਲੀਆਂ ਕਿਸਮਾਂ ਵਿਕਸਤ ਕਰਨ ਲਈ ਮਿਹਨਤ ਕਰ ਰਹੇ ਸਨ।
ਇਸੇ ਮਹੱਤਵਪੂਰਨ ਸਮੇਂ ਦੌਰਾਨ ਡਾਕਟਰ ਮਾਨਕੋਂਬੂ ਸੰਬਾਸਿਵਮ ਸਵਾਮੀਨਾਥਨ ਦਾ ਖੋਜ-ਕਾਰਜ ਵੀ ਅੱਗੇ ਵਧ ਰਿਹਾ ਸੀ।
ਅਜਿਹੇ ਹਾਲਾਤ ਵਿੱਚ ਸਵਾਮੀਨਾਥਨ ਦੇਸ਼ ਦੀ ਭੋਜਨ ਦੀ ਸਮੱਸਿਆ ਨੂੰ ਦੂਰ ਕਰਨ ਦੀ ਵਿਚਾਰ ਨਾਲ ਕੰਮ ਕਰਨ ਲੱਗੇ ਅਤੇ ਅੱਗੇ ਚੱਲ ਕੇ ਉਨ੍ਹਾਂ ਕਰ ਦਿਖਾਇਆ।
ਸਵਾਮੀਨਾਥਨ ਹਰੀ ਕ੍ਰਾਂਤੀ ਨੂੰ ਹੰਢਣਸਾਰ ਹੱਲ ਨਹੀਂ ਮੰਨਦੇ ਸਨ
ਦੁਨੀਆਂ ਦੀਆਂ ਨਾਮੀ ਸੰਸਥਾਵਾਂ ਤੋਂ ਪੜ੍ਹਾਈ ਕੀਤੀ
ਥਿਰੂਵਨੰਥਪੁਰਮ ਮਹਾਰਾਜ ਦੇ ਕਾਲਜ ਅਤੇ ਮਦਰਾਸ ਵਿੱਚ ਆਪਣੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਸਵਾਮੀਨਾਥਨ ਨੇ ਜਨੈਟਿਕਸ ਅਤੇ ਪਲਾਂਟ ਬਰੀਡਿੰਗ ਦੀ ਪੜ੍ਹਾਈ ਲਈ ਭਾਰਤੀ ਖੇਤੀਬਾੜੀ ਸੰਸਥਾਨ ਵਿੱਚ ਦਾਖਲਾ ਲਿਆ।
ਸਾਲ 1949 ਵਿੱਚ ਉਨ੍ਹਾਂ ਨੇ ਜਨੈਟਿਕਸ ਦੀ ਇੱਕ ਸ਼ਾਖ਼ਾ ਕਾਈਟੋਜਨੈਟਿਕਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।
ਭਾਰਤੀ ਪੁਲਿਸ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਉਨ੍ਹਾਂ ਨੇ ਨੀਦਰਲੈਂਡ ਵਿੱਚ ਜਨੈਟਿਕਸ ਦੀ ਪੜ੍ਹਾਈ ਕਰਨ ਨੂੰ ਤਰਜੀਹ ਦਿੱਤੀ।
ਇਸ ਮਗਰੋਂ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਾਲ 1959 ਵਿੱਚ ਉਨ੍ਹਾਂ ਨੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਿੱਚ ਇੱਕ ਜੂਨੀਅਰ ਸਾਇੰਸਦਾਨ ਵਜੋਂ ਨੌਕਰੀ ਸ਼ੁਰੂ ਕੀਤੀ।
ਉਸ ਸਮੇਂ ਭਾਰਤ ਦੇ ਸਾਹਮਣੇ ਲੋਕਾਂ ਦਾ ਢਿੱਡ ਭਰਨਾ ਸਭ ਤੋਂ ਵੱਡਾ ਮਸਲਾ ਸੀ। ਖੁਰਾਕੀ ਲੋੜਾਂ ਦੀ ਪੂਰਤੀ ਲਈ ਕਣਕ ਦੀ ਪੀਐੱਲ 480 ਕਿਸਮ ਵਿਦੇਸ਼ ਤੋਂ ਮੰਗਵਾਈ ਜਾਂਦੀ ਸੀ।
ਇੱਕ ਅਮਰੀਕੀ ਖੇਤੀ-ਅਰਥ ਸ਼ਾਸਤਰੀ ਨੌਰਮਨ ਬੁਰਲੌਗ਼ ਨੇ ਕਣਕ ਦੀ ਇੱਕ ਨਵੀਂ ਨਸਲ ਵਿਕਸਤ ਕੀਤੀ। ਡਾਕਟਰ ਸਵਾਮੀਨਾਥਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਨਮੂਨਾ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ।
ਨੌਰਮਨ ਬੁਰਲੌਗ ਨੇ ਸਾਲ 1963 ਵਿੱਚ ਭਾਰਤ ਆ ਕੇ ਦੇਖਿਆ ਕਿ ਕਣਕ ਦੀ ਉਹ ਨਸਲ ਭਾਰਤ ਲਈ ਕਾਫ਼ੀ ਉਪਯੋਗੀ ਸਿੱਧ ਹੋ ਸਕਦੀ ਹੈ। ਇਸ ਤਰ੍ਹਾਂ ਨੌਰਮਨ ਡਾਕਟਰ ਸਵਾਮੀਨਾਥਨ ਨੂੰ ਨਮੂਨਾ ਦੇਣ ਲਈ ਤਿਆਰ ਹੋ ਗਏ।
ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਮਗਰੋਂ ਲਾਲ ਬਹਾਦਰ ਸ਼ਾਸਤਰੀ ਨੇ ਪ੍ਰਧਾਨ ਮੰਤਰੀ ਬਣੇ।
ਸੀ ਸੁਬਰਾਮਨੀਅਮ ਉਨ੍ਹਾਂ ਦੇ ਖੇਤੀਬਾੜੀ ਮੰਤਰੀ ਸਨ।
ਭਾਰਤ ਖੇਤੀ ’ਤੇ ਨਿਰਭਰ ਦੇਸ਼ ਸੀ ਤੇ ਇਸ ਨੂੰ ਤਰੱਕੀ ਦੀ ਰਾਹ ’ਤੇ ਪਾਉਣ ਦਾ ਇੱਕੋ-ਇੱਕ ਤਰੀਕਾ ਸੀ ਖੇਤੀ ਨੂੰ ਵਿਕਸਿਤ ਕਰਨਾ।
ਸਰਕਾਰ ਨੇ ਮਾਹਰਾਂ ਦੀ ਸਲਾਹ ’ਤੇ ‘ਹਰੀ ਕ੍ਰਾਂਤੀ’ ਵੱਲ ਕਦਮ ਚੁੱਕਣੇ ਸ਼ੁਰੂ ਕੀਤੇ।
ਬੰਗਾਲ ਅਕਾਲ ਤੋਂ ਬਾਅਦ ਦੇ ਦੌਰ ਵਿੱਚ ਭਾਰਤ ਨੂੰ ਦੁਨੀਆਂ ਦੀ ‘ਭੀਖ ਦਾ ਕਟੋਰਾ’ ਵੀ ਕਿਹਾ ਗਿਆ।
ਸਵਾਮੀਨਾਥਨ ਦੇ ਵਿਦਿਆਰਥੀ ਰਹੇ ਸੀ.ਆਰ. ਕੇਸਵਾਨ ਕਹਿੰਦੇ ਹਨ, “ਇਹ ਡਾਕਟਰ ਸਵਾਮੀਨਾਥਨ ਹੀ ਸਨ ਜਿਨ੍ਹਾਂ ਨੇ ਭਾਰਤ ਨੂੰ ਭੀਖ ਦੇ ਕਟੋਰੇ ਤੋਂ ਖੁਰਾਕ ਦੀ ਕਟੋਰੀ ਵਿੱਚ ਬਦਲ ਦਿੱਤਾ।”
ਸਵਾਮੀਨਾਥਨ ਦੀ 2006 ਵਿੱਚ ਮੁੰਬਈ ਵਿੱਚ ਲਈ ਗਈ ਇੱਕ ਤਸਵੀਰ
ਭਾਰਤ ਵਿੱਚ ਹਰੀ ਕ੍ਰਾਂਤੀ ਦੀ ਨੀਂਹ
ਡਾਕਟਰ ਸਵਾਮੀਨਾਥਨ ਇੱਕ ਉੱਘੇ ਵਿਗਿਆਨੀ ਸਨ। ਉਹ ਸਿਰਫ਼ ਖੇਤੀਬਾੜੀ ਦੇ ਹੀ ਨਹੀਂ ਸਗੋਂ, ਹੋਰ ਵੀ ਕਈ ਖੇਤਰਾਂ ਦੇ ਜਾਣਕਾਰ ਸਨ।
ਉਨ੍ਹਾਂ ਨੂੰ ਵਿਦੇਸ਼ ਦੀਆਂ ਕਈ ਯੂਨੀਵਰਸਿਟੀਆਂ ਤੋਂ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਉਣ ਦੀਆਂ ਪੇਸ਼ਕਸ਼ਾਂ ਹੋਈਆਂ ਪਰ ਉਹ ਸਭ ਕੁਝ ਠੁਕਰਾ ਕੇ ਭਾਰਤ ਵਾਪਸ ਆ ਗਏ।
ਭਾਰਤੀ ਖੇਤੀਬਾੜੀ ਖੋਜ ਸੰਸਥਾ ਨਾਲ ਜੁੜ ਕੇ ਉਨ੍ਹਾਂ ਨੇ ਬਹੁਤ ਸਾਰੀ ਖੋਜ ਕੀਤੀ। ਖ਼ਾਸ ਕਰਕੇ ਕਾਇਟੋਜਨੈਟਿਕਸ ਅਤੇ ਰੇਡੀਓਲੋਜੀ ਦੇ ਖੇਤਰ ਵਿੱਚ ਬਹੁਤ ਸਾਰੇ ਪ੍ਰਯੋਗ ਕੀਤੇ।
ਸਾਲ 1960 ਦੇ ਦਹਾਕੇ ਵਿੱਚ ਭਾਰਤ ਅੰਨ ਦੀ ਘਾਟ ਨਾਲ ਜੂਝ ਰਿਹਾ ਸੀ। ਕਈ ਅਮਰੀਕੀ ਅਰਥਸ਼ਾਸਤਰੀਆਂ ਦੀ ਰਾਇ ਸੀ ਕਿ ਭਾਰਤ ਦੀ ਲਗਾਤਾਰ ਵਧ ਰਹੀ ਜਨਸੰਖਿਆ ਨੂੰ ਹੋਰ ਮੁਲਕ ਆਪਣਾ ਅਨਾਜ ਦੇ ਕੇ ਨਹੀਂ ਬਚਾ ਸਕਦੇ।
ਭੁੱਖਮਰੀ ਵਿੱਚ ਘਿਰੇ ਭਾਰਤ ਦਾ ਚਾਰੇ-ਪਾਸੇ ਮਜ਼ਾਕ ਉਡਾਇਆ ਜਾ ਰਿਹਾ ਸੀ। ਅਜਿਹੇ ਸੰਕਟ ਵਿੱਚ ਜਨੈਟਿਕ ਤੌਰ ’ਤੇ ਸੁਧਰੀਆਂ ਹੋਈਆਂ ਫ਼ਸਲਾਂ ਸਦਕਾ ਸਵਾਮੀਨਾਥਨ ਨੇ ਭਾਰਤ ਵਿੱਚ ਹਰੇ ਇਨਕਲਾਬ ਦਾ ਰਾਹ ਪੁਖ਼ਤਾ ਕੀਤਾ।
ਹਰੀ ਕ੍ਰਾਂਤੀ ਦੌਰਾਨ ਝੋਨੇ ਤੇ ਕਣਕ ਦੇ ਮੋਡੀਫ਼ਾਈਡ ਬੀਜਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਗਿਆ
ਕਣਕ ਤੇ ਝੋਨੇ ਦੀਆਂ ਨਵੀਂ ਕਿਸਮਾਂ ਦੀ ਵਰਤੋਂ ਉਤਸ਼ਾਹਿਤ ਕਰਨਾ
ਕਣਕ ਦੀਆਂ ਜਨੈਟਿਕਲੀ ਮੋਡੀਫਾਈਡ ਕਿਸਮਾਂ 1967 ਵਿੱਚ ਜਾਰੀ ਕੀਤੀਆਂ ਗਈਆਂ। ਫਿਰ ਝੋਨੇ ਦੀਆਂ ਜਨੈਟੀਕਲੀ ਮੋਡੀਫਾਈਡ ਵਧੇਰੇ ਝਾੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ।
ਸੀ.ਆਰ. ਕੇਸਵਨ ਦਾ ਕਹਿਣਾ ਹੈ, “ਕੁਝ ਸਾਲਾਂ ਵਿੱਚ ਹੀ ਸਥਿਤੀ ਬਦਲ ਗਈ।”
ਸਵਾਮੀਨਾਥਨ ਨੇ ਕਣਕ ਦੀ ਜ਼ਿਆਦਾ ਝਾੜ ਵਾਲੀ ਮਧਰੀ ਕਿਸਮ ਬੀਜਣ ਦੀ ਸਿਫ਼ਾਰਿਸ਼ ਕੀਤੀ।
ਹਾਲਾਂਕਿ ਉਨ੍ਹਾਂ ਦੀ ਇਸ ਸਿਫ਼ਾਰਿਸ਼ ਦਾ ਸਰਕਾਰ ਵਲੋਂ ਅੰਦਰੋਂ ਅਤੇ ਬਾਹਰੋਂ ਚੋਖਾ ਵਿਰੋਧ ਹੋਇਆ।
ਸਵਾਲ ਚੁੱਕੇ ਗਏ ਕਿ ਕੀ ਇਹ ਕਿਸਮ ਭਾਰਤੀ ਸਥਿਤੀਆਂ ਦਾ ਮੁਕਾਬਲਾ ਕਰ ਸਕੇਗੀ। ਇਸ ਨੂੰ ਉਗਾਉਣ ਲਈ ਵਿਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਖਾਦਾਂ ਤਾਂ ਨਹੀਂ ਮੰਗਵਾਉਣੀਆਂ ਪੈਣਗੀਆਂ?
ਕਿਸਾਨ ਵੀ ਇਹ ਨਵੇਂ ਬੀਜ ਖ਼ਰੀਦਣ ਤੋਂ ਝਿਜਕ ਰਹੇ ਸਨ। ਸਵਾਮੀਨਾਥਨ ਨੇ ਉਨ੍ਹਾਂ ਨੂੰ ਇਹ ਬੀਜ ਥੋੜ੍ਹੇ ਥਾਂ ਵਿੱਚ ਉਗਾ ਕੇ ਦਿਖਾਏ। ਉਸ ਵਿੱਚੋਂ ਚੰਗਾ ਝਾੜ ਨਿਕਲਿਆ। ਇਸ ਤੋਂ ਬਾਅਦ ਕਿਸਾਨ ਇਸ ਦੀ ਵਿਆਪਕ ਖੇਤੀ ਕਰਨ ਲਈ ਅੱਗੇ ਆਏ।
ਪਹਿਲਾਂ ਇਹ ਕਿਸਮਾਂ ਪੰਜਾਬ ਅਤੇ ਹਰਿਆਣਾ ਵਿੱਚ ਹੀ ਅਜ਼ਮਾਈਆਂ ਗਈਆਂ। ਉਮੀਦ ਮੁਤਾਬਕ ਇਸਦਾ ਚੰਗਾ ਅਸਰ ਪਿਆ। ਪੰਜਾਬ ਵਿੱਚ ਕਣਕ ਦਾ ਝਾੜ 1965-66 ਵਿੱਚ 33.89 ਲੱਖ ਟਨ ਤੋਂ ਵਧ ਕੇ 1985-86 ਵਿੱਚ 172.21 ਟਨ ਤੱਕ ਪਹੁੰਚ ਗਿਆ।
ਸਵਾਮੀਨਾਥਨ
ਹਰੀ ਕ੍ਰਾਂਤੀ ਹੰਝਣਸਾਰ ਮਾਡਲ ਨਹੀਂ
ਹਰੀ ਕ੍ਰਾਂਤੀ ਕਾਰਨ ਗੋਦਾਮ ਅਨਾਜ ਨਾਲ ਭਰ ਗਏ ਪਰ ਗ਼ਰੀਬੀ ਕਾਰਨ ਜਨਤਾ ਕੋਲ ਅਨਾਜ ਖ਼ਰੀਦਣ ਲਈ ਪੈਸੇ ਨਹੀਂ ਸੀ। ਇਸ ਤਰ੍ਹਾਂ ਵਾਧੂ ਝਾੜ ਦੇ ਬਾਵਜੂਦ ਲੋਕ ਭੁੱਖੇ ਸਨ।
ਡਾਕਟਰ ਸਵਾਮੀਨਾਥਨ ਨੇ ਮਹਿਸੂਸ ਕੀਤਾ ਕਿ ਦੇਸ਼ ਦੀ ਭੁੱਖਮਰੀ ਦੀ ਸਮੱਸਿਆ ਦੂਰ ਕਰਨ ਲਈ ਸਿਰਫ਼ ਝਾੜ ਵਧਾਉਣਾ ਕਾਫ਼ੀ ਨਹੀਂ ਹੈ। ਇਸ ਤੋਂ ਵਧ ਕੇ ਉਨ੍ਹਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਹਰੀ ਕ੍ਰਾਂਤੀ ਖੇਤੀ ਦਾ ਲੰਬੇ ਸਮੇਂ ਲਈ ਹੰਢਣਸਾਰ ਮਾਡਲ ਨਹੀਂ ਹੈ।
ਸੀਆਰ ਕੇਸਿਵਾਨ ਮੁਤਾਬਕ, “ਅੱਸੀਵਿਆਂ ਅਤੇ ਨੱਬੇਵਿਆਂ ਵਿੱਚ ਉਨ੍ਹਾਂ ਨੇ ਕੁਝ ਨਵੇਂ ਤਰੀਕਿਆਂ ਦੀ ਸਿਫ਼ਾਰਿਸ਼ ਕੀਤੀ। ਇਨ੍ਹਾਂ ਨੂੰ ‘ਸਦਾਬਹਾਰ ਕ੍ਰਾਂਤੀ’ ਕਿਹਾ ਗਿਆ। ਇਸ ਤਰੀਕੇ ਨਾਲ ਖੇਤੀ ਕਰਨ ਵਿੱਚ ਬਹੁਤ ਜ਼ਿਆਦਾ ਕੀਟ-ਨਾਸ਼ਕ ਇਸਤੇਮਾਲ ਕਰਨ ਦੀ ਲੋੜ ਨਹੀਂ ਸੀ।”
ਸਾਲ 1966 ਦੇ ਜੁਲਾਈ ਮਹੀਨੇ ਵਿੱਚ ਉਹ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਨਿਰਦੇਸ਼ਕ ਬਣ ਗਏ। ਉਨ੍ਹਾਂ ਦੀ ਅਗਵਾਈ ਵਿੱਚ ਬਾਅਦ ਸੰਸਥਾ ਨੇ ਤੇਜ਼ੀ ਨਾਲ ਤਰੱਕੀ ਕੀਤੀ। ਇਸ ਦਾ ਕੰਮ ਛੇ ਤੋਂ 23 ਡਿਵੀਜ਼ਨਾਂ ਵਿੱਚ ਫੈਲ ਗਿਆ।
ਸੰਸਥਾ ਹੁਣ ਚੌਲ, ਕਣਕ, ਸੀਰਅਲ, ਖੇਤੀ ਵਿੱਚ ਪਾਣੀ ਅਤੇ ਪਾਣੀ ਨਾਲ ਜੁੜੀ ਤਕਨੀਕ ਉੱਪਰ ਵੀ ਖੋਜ ਕਰਨ ਲੱਗੀ।
ਐੱਮਐੱਸ ਸਵਾਮੀਨਾਥਨ ਬਨਾਮ ਕਾਮਯਾਬੀ ਦਾ ਸਫ਼ਰ
- 1949 ਵਿੱਚ ਜਨੈਟਿਕਸ ਦੀ ਇੱਕ ਸ਼ਾਖ਼ਾ ਕਾਈਟੋਜਨੈਟਿਕਸ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ।
- ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ।
- 1959 ਵਿੱਚ ਉਨ੍ਹਾਂ ਨੇ ਭਾਰਤੀ ਖੇਤੀਬਾੜੀ ਖੋਜ ਸੰਸਥਾ ਵਿੱਚ ਇੱਕ ਜੂਨੀਅਰ ਸਾਇੰਸਦਾਨ ਵਜੋਂ ਨੌਕਰੀ ਸ਼ੁਰੂ ਕੀਤੀ।
- 1966 ਦੇ ਜੁਲਾਈ ਮਹੀਨੇ ਵਿੱਚ ਉਹ ਭਾਰਤੀ ਖੇਤੀਬਾੜੀ ਖੋਜ ਸੰਸਥਾ ਦੇ ਨਿਰਦੇਸ਼ਕ ਬਣ ਗਏ।
- 1979 ਵਿੱਚ ਉਹ ਭਾਰਤ ਸਰਕਾਰ ਦੇ ਮੁੱਖ ਸਕੱਤਰ ਬਣ ਗਏ।
- 1982-88 ਤੱਕ ਫਿਲੀਪੀਨਜ਼ ਦੇ ਕੌਮਾਂਤਰੀ ਚੌਲ ਖੋਜ ਇੰਸਟੀਚਿਊਟ ਦੇ ਮਹਾਂ ਨਿਰਦੇਸ਼ਕ ਵੀ ਰਹੇ।
- 1987 ਵਿੱਚ ਉਨ੍ਹਾਂ ਨੂੰ ਵਿਸ਼ਵ ਖ਼ੁਰਾਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਰਾਸ਼ੀ ਨਾਲ ਉਨ੍ਹਾਂ ਨੇ ਐੱਮ
- ਸਵਾਮੀਨਾਥਨ ਮਸ਼ਹੂਰ ਟਾਈਮਜ਼ ਮੈਗਜ਼ਨ ਵੱਲੋਂ ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ 20 ਏਸ਼ੀਆਈ ਲੋਕਾਂ ਵਿੱਚ ਸ਼ੁਮਾਰ ਕੀਤੇ ਗਏ।
- 2004 ਵਿੱਚ ਉਨ੍ਹਾਂ ਨੂੰ ਭਾਰਤ ਦੇ ਖੇਤੀਬਾੜੀ ਆਯੋਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਕਮਿਸ਼ਨ ਨੇ ਪੰਜ ਰਿਪੋਰਟਾਂ ਸੌਂਪੀਆਂ।
- ਇਸ ਆਯੋਗ ਦੀ ਪਹਿਲੀ ਰਿਪੋਰਟ 2004 ਵਿੱਚ ਅਤੇ ਆਖਰੀ ਰਿਪੋਰਟ 2006 ਵਿੱਚ ਜਮ੍ਹਾਂ ਕਰਵਾਈ ਗਈ।
- ਉਤਪਾਦਨ ਲਾਗਤ ਤੋਂ 50 ਫ਼ੀਸਦੀ ਵਧੇਰੇ ਐੱਮਐੱਸਪੀ ਤੈਅ ਕਰਨ ਦੀ ਸਿਫ਼ਾਰਿਸ਼ ਕੀਤੀ।
- ਸਾਲ 2007 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਨਿਯੁਕਤ ਕੀਤਾ।
ਸਵਾਮੀਨਾਥਨ ਨੂੰ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ
ਮਾਣ-ਸਨਮਾਣ
1972 ਵਿੱਚ ਐੱਸਐੱਸ ਸਵਾਮੀਨਾਥਨ ਉਸੇ ਸੰਸਥਾ ਦੇ ਮਹਾਂ ਨਿਰਦੇਸ਼ਕ ਅਤੇ ਭਾਰਤ ਸਰਕਾਰ ਦੇ ਖੇਤੀਬਾੜੀ ਸਕੱਤਰ ਬਣ ਗਏ।
ਸਾਲ 1979 ਵਿੱਚ ਉਹ ਭਾਰਤ ਸਰਕਾਰ ਦੇ ਮੁੱਖ ਸਕੱਤਰ ਬਣ ਗਏ। ਉਸ ਤੋਂ ਅਗਲੇ ਸਾਲ ਉਨ੍ਹਾਂ ਨੂੰ ਕੇਂਦਰੀ ਯੋਜਨਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ।
ਸਵਾਮੀਨਾਥਨ ਮਸ਼ਹੂਰ ਟਾਈਮਜ਼ ਮੈਗਜ਼ਨ ਵੱਲੋਂ ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ 20 ਏਸ਼ੀਆਈ ਲੋਕਾਂ ਵਿੱਚ ਸ਼ੁਮਾਰ ਕੀਤੇ ਗਏ। ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਉਹ ਗਾਂਧੀ ਅਤੇ ਰਬਿੰਦਰ ਨਾਥ ਟੇਗੋਰ ਤੋਂ ਬਾਅਦ ਤੀਜੇ ਵਿਅਕਤੀ ਸਨ।
ਉਹ ਸਾਲ 1982-88 ਤੱਕ ਫਿਲੀਪੀਨਜ਼ ਦੇ ਕੌਮਾਂਤਰੀ ਚੌਲ ਖੋਜ ਇੰਸਟੀਚਿਊਟ ਦੇ ਮਹਾਂ ਨਿਰਦੇਸ਼ਕ ਵੀ ਰਹੇ।
ਸਾਲ 1987 ਵਿੱਚ ਉਨ੍ਹਾਂ ਨੂੰ ਵਿਸ਼ਵ ਖ਼ੁਰਾਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਰਾਸ਼ੀ ਨਾਲ ਉਨ੍ਹਾਂ ਨੇ ਐੱਮ ਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ
ਸੀਆਰ ਕੇਸਵਨ ਦੱਸਦੇ ਹਨ, “ਭੋਜਨ ਉਤਪਾਦਨ ਵਿੱਚ ਵਾਧਾ ਹੋਣ ਤੋਂ ਬਾਅਦ। ਉਨ੍ਹਾਂ ਨੂੰ ਲੱਗਿਆ ਕਿ ਲੋਕਾਂ ਲਈ ਰੁਜ਼ਗਾਰ ਦੇ ਵੀ ਨਵੇਂ ਮੌਕੇ ਪੈਦਾ ਹੋਣੇ ਚਾਹੀਦੇ ਹਨ ਤੇ ਰੁਜ਼ਾਗਰ ਦੀ ਸਥਿਤੀ ਵਿੱਚ ਸੁਧਾਰ ਦੀ ਲੋੜ ਹੈ।”
“ਇਸ ਮੰਤਵ ਲਈ ਉਨ੍ਹਾਂ ਨੇ ਐੱਮਐੱਸਐੱਸਆਰਐੱਫ਼ ਦੀ ਸਥਾਪਨਾ ਕੀਤੀ। ਇਸ ਫਾਊਂਡੇਸ਼ਨ ਰਾਹੀਂ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪ ਦੁਆਰਾ ਖੇਤੀਬਾੜੀ ਉਤਪਾਦ ਤੋਂ ਸੁਧਰੇ ਹੋਏ ਉਤਪਾਦ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਸੀ।”
ਐੱਮਐੱਸ ਸਵਾਮੀਨਾਥਨ ਖੋਜ ਕੇਂਦਰ ਦੇ ਬਾਹਰ ਸਵਾਮੀਨਾਥਨ
ਸਵਾਮੀਨਾਥਨ ਰਿਪੋਰਟ
ਸਵਾਮਾਨਾਥਨ ਵਲੋਂ ਕਿਸਾਨਾਂ ਦੀ ਸਥਿਤੀ ਸੁਧਾਰਨ ਲਈ ਤਿਆਰ ਕੀਤੀ ਗਈ ਰਿਪੋਰਟ ਦਾ ਜ਼ਿਕਰ ਕੀਤੇ ਬਿਨ੍ਹਾਂ ਉਨ੍ਹਾਂ ਦੇ ਕੰਮਾਂ ਦੀ ਗੱਲ ਕਰਨਾ ਮੁਮਕਿਨ ਨਹੀਂ ਹੈ।
ਸੀਨੀਅਰ ਪੱਤਰਕਾਰ ਪੀਸਾਈਂਨਾਥ ਦਾ ਕਹਿਣਾ ਹੈ, “ਐੱਮ ਐੱਸ ਸਵਾਮੀਨਾਥਨ ਭਾਰਤ ਦੇ ਇੱਕ ਮਹਾਨ ਖੇਤੀ-ਅਰਥਸ਼ਾਸਤਰੀ ਹੀ ਨਹੀਂ ਸਨ, ਸਗੋਂ ਇੱਕ ਮਹਾਨ ਵਿਅਕਤੀ ਵੀ ਹਨ।”
ਉਹ ਦੱਸਦੇ ਹਨ ਕਿ ਕੌਮੀ ਕਿਸਾਨ ਆਯੋਗ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਰਿਪੋਰਟ ਬਹੁਤ ਮਹੱਤਵਪੂਰਨ ਹੈ।
ਸਾਲ 2004 ਵਿੱਚ ਉਨ੍ਹਾਂ ਨੂੰ ਭਾਰਤ ਦੇ ਖੇਤੀਬਾੜੀ ਆਯੋਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਕਮਿਸ਼ਨ ਨੇ ਪੰਜ ਰਿਪੋਰਟਾਂ ਸੌਂਪੀਆਂ।
ਪੀਸਾਈਂਨਾਥ ਦੱਸਦੇ ਹਨ,“ਕੌਮੀ ਕਿਸਾਨ ਕਮਿਸ਼ਨ ਦੇ ਚੇਅਰਮੈਨ ਲਗਾਏ ਜਾਣ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਨੂੰ ਸਵਾਮੀਨਾਥਨ ਰਿਪੋਰਟ ਹੀ ਕਿਹਾ ਗਿਆ।”
“ਇਸ ਰਿਪੋਰਟ ਨੇ ਕਈ ਫ਼ਸਲਾਂ ਦਾ ਐੱਮਐੱਸਪੀ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਉਤਪਾਦਨ ਲਾਗਤ ਤੋਂ 50ਫ਼ੀਸਦੀ ਵਧੇਰੇ ਐੱਮਐੱਸਪੀ ਤੈਅ ਕਰਨ ਦੀ ਸਿਫ਼ਾਰਿਸ਼ ਕੀਤੀ।”
ਇਸ ਆਯੋਗ ਦੀ ਪਹਿਲੀ ਰਿਪੋਰਟ 2004 ਵਿੱਚ ਅਤੇ ਆਖਰੀ ਰਿਪੋਰਟ 2006 ਵਿੱਚ ਜਮ੍ਹਾਂ ਕਰਵਾਈ ਗਈ।
ਬਦਕਿਸਮਤੀ ਨਾਲ ਸਮੇਂ-ਸਮੇਂ ਆਈਆਂ ਸਰਕਾਰਾਂ ਨੇ ਇਸ ਆਯੋਗ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕੇ।
ਸਾਈਂਨਾਥ ਦਾ ਕਹਿਣਾ ਹੈ ਕਿ ਭਾਵੇਂ, ਉਨ੍ਹਾਂ ਨੇ ਇਹ ਰਿਪੋਰਟਾਂ ਬਹੁਤ ਮਿਹਨਤ ਨਾਲ ਲਿਖੀਆਂ ਪਰ ਕਿਸੇ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਬਾਰੇ ਸੰਸਦ ਵਿੱਚ ਇੱਕ ਘੰਟੇ ਲਈ ਵੀ ਚਰਚਾ ਨਹੀਂ ਕੀਤੀ।
ਮੌਜੂਦਾ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਦੀਆਂ ਮੁੱਖ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ।
ਪੀ ਸਾਈਂਨਾਥ ਕਹਿੰਦੇ ਹਨ, “ਇਸ ਦੀ ਬਜਾਇ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਕਿ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਬਜ਼ਾਰ ਦੀਆਂ ਮੌਜੂਦਾ ਕੀਮਤਾਂ ਨੂੰ ਖ਼ਰਾਬ ਕਰ ਦੇਵੇਗੀ।”
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਕਾਂਗਰਸੀ ਆਗੂ ਸੋਨੀਆਂ ਗਾਂਧੀ ਨਾਲ ਇੱਕ ਸਕੂਲੀ ਬੱਚਿਆਂ ਦੇ ਸਮਾਗਮ ਦੌਰਾਨ ਸਵਾਮੀਨਾਥਨ
ਜਦੋਂ ਸਵਾਮੀਨਾਥਨ ਹੰਝੂ ਨਾ ਰੋਕ ਸਕੇ
ਸਾਈਂਨਾਥ ਦਾ ਕਹਿਣਾ ਹੈ ਕਿ ਸਵਾਮੀਨਾਥਨ ਮਹਾਰਾਸ਼ਟਰ ਦੇ ਵਿਧਰਭ ਦੇ ਪ੍ਰਭਾਵਿਤ ਕਿਸਾਨਾਂ ਦਾ ਹਾਲ ਦੇਖ ਕੇ ਰੋ ਪਏ ਸਨ।
ਉਸ ਸਮੇਂ ਨੂੰ ਯਾਦ ਕਰਦਿਆਂ ਪੀ ਸਾਈਂਨਾਥ ਦੱਸਦੇ ਹਨ, “ਇੱਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਚੇਨਈ ਵਿੱਚ ਸਵਾਮੀਨਾਥਨ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ, ਜੋ ਤੁਸੀਂ ਵਿਧਰਭ ਬਾਰੇ ਲਿਖ ਰਹੇ ਹੋ ਉਹ ਹੈਰਾਨੀਜਨਕ ਹੈ। ਮੈਂ ਉਨ੍ਹਾਂ ਨੂੰ ਮੌਕਾ ਦੇਖਣ ਲਈ ਸੱਦਿਆ। ਆਪਣੇ ਆਯੋਗ ਦੇ ਦੋ ਹੋਰ ਮੈਂਬਰਾਂ ਨਾਲ ਉਹ ਵਿਧਰਭ ਗਏ।”
ਉਹ ਅੱਗੇ ਦੱਸਦੇ ਹਨ, “ਵਿਲਾਸ ਰਾਓ ਦੇਸ਼ਮੁੱਖ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਇਲਾਕਿਆਂ ਵਿੱਚ ਨਾ ਪਹੁੰਚ ਸਕਣ।”
“ਪਰ ਡਾਕਟਰ ਸਵਾਮੀਨਾਥਨ ਮੇਰੇ ਨਾਲ ਦੋ ਦਿਨ ਰਹੇ ਅਤੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ 3-4 ਪਰਿਵਾਰਾਂ ਨੂੰ ਮਿਲੇ। ਉਦੋਂ ਉਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਸੀ। ਉਹ ਇੱਕ ਘਰ ਤੋਂ ਦੂਜੇ ਘਰ ਜਾਂਦਿਆਂ ਰਾਹ ਵਿੱਚ ਰੋ ਪਏ ਸਨ। ਉਨ੍ਹਾਂ ਨੇ ਆਪਣਾ ਮੂੰਹ ਢੱਕ ਲਿਆ। ਮੈਂ ਇਸ ਮੰਜ਼ਰ ਨੂੰ ਭੁੱਲ ਨਹੀਂ ਸਕਦਾ।”
ਸਾਲ 2007 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਨਿਯੁਕਤ ਕੀਤਾ। ਉਨ੍ਹਾਂ ਦੁਆਰਾ ਸਥਾਪਿਤ ਕੀਤੀ ਫਾਊਂਡੇਸ਼ਨ ਹੰਢਣਸਾਰ ਊਰਜਾ ਅਤੇ ਖੇਤੀਬਾੜੀ ਉਤਪਾਦਨ ਦੇ ਖੇਤਰ ਵਿੱਚ ਖੋਜ ਕਾਰਜ ਕਰ ਰਹੀ ਹੈ।
ਸਵਾਮੀਨਾਥਨ ਮੰਨਦੇ ਸਨ ਕਿ ਕੀਟਨਾਸ਼ਕਾਂ ਦੀ ਲੋੜ ਨਾਲੋਂ ਵੱਧ ਵਰਤੋਂ ਹਾਨੀਕਾਰਨ ਹੈ
ਅਲੋਚਣਾ ਕਬੂਲਣ ਵਾਲੇ ਵਿਅਕਤੀ
ਡਾਕਟਰ ਸਵਾਮੀਨਾਥਨ ਦੀ ਹਰੀ ਕ੍ਰਾਂਤੀ ਦੀ ਬਾਅਦ ਵਿੱਚ ਆਲੋਚਨਾ ਵੀ ਬਹੁਤ ਹੋਈ। ਵਾਤਾਵਰਣ ਕਾਰਕੁਨਾਂ ਨੇ ਇਲਜ਼ਾਮ ਲਗਾਇਆ ਕਿ ਹਰੀ ਕ੍ਰਾਂਤੀ ਨੇ ਖਾਦਾਂ ਅਤੇ ਕੀਟਨਾਸ਼ਕਾਂ ਨਾਲ ਧਰਤੀ ਨੂੰ ਪਲੀਤ ਕੀਤਾ ਹੈ।
ਪੀ ਸਾਈਂਨਾਥ ਕਹਿੰਦੇ ਹਨ,“ਹਰੀ ਕ੍ਰਾਂਤੀ ਬਾਰੇ, ਉਹ ਸਮਝਦੇ ਸਨ ਕਿ ਸਰਦੇ-ਪੁੱਜਦੇ ਕਿਸਾਨਾਂ ਨੇ ਇਸ ਦਾ ਲਾਭ ਚੁੱਕਿਆ ਹੈ। ਕੀਟਨਾਸ਼ਕਾਂ ਬਾਰੇ ਵੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਸਮੇਂ ਨਾਲ ਬਦਲਾਅ ਆਇਆ ਸੀ। ਉਹ ਕਦੇ ਵੀ ਆਪਣਾ ਨਜ਼ਰੀਆ ਬਦਲਣ ਤੋਂ ਝਿਜਕੇ ਨਹੀਂ ਸਨ। ਇਹੀ ਉਨ੍ਹਾਂ ਨੂੰ ਇੱਕ ਮਹਾਨ ਵਿਅਕਤੀ ਬਣਾਉਂਦਾ ਹੈ।”
ਸਾਈਂਨਾਥ ਮੁਤਾਬਕ ਇਸੇ ਤਰ੍ਹਾਂ ਅੱਗੇ ਜਾ ਕੇ ਉਨ੍ਹਾਂ ਨੇ ਜਨੈਟੀਕਲੀ ਮੋਡੀਫ਼ਾਈਡ ਫ਼ਸਲਾਂ ਬਾਰੇ ਵੀ ਆਪਣਾ ਨਜ਼ਰੀਆ ਬਦਲਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪੰਜਾਬ ’ਚ ਨਸ਼ਿਆਂ ਖਿਲਾਫ਼ ਠੀਕਰੀ ਪਹਿਰਾ: ‘ਰਾਤ ਜਾਗਣਾ ਨਸ਼ੇ ਨਾਲ ਮਰਨ ਤੋਂ ਚੰਗਾ ਹੈ’ – ਗਰਾਊਂਡ ਰਿਪੋਰਟ
NEXT STORY